ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/28

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਿੰਦ ਮੇਰੀ ਡੋਲਦੀ, ਡਰਦੀ, ਕੰਬਦੀ,
ਤੜਫਦੀ, ਫੜਕਦੀ, ਧੜਕਦੀ, ਗਮਰੁੱਠ, ਦਿਲਗੀਰ, ਰੋਣ-
ਹਾਕੀ ਹੁੰਦੀ,
ਪੀਲੀ ਭੂਕ, ਕਦੇ ਨੀਲੀ ਕਦੇ ਜ਼ਰਦ।
ਦੌੜਦੀ, ਨੱਠਦੀ, ਡਿਗਦੀ, ਢਹਿੰਦੀ, ਲੜਖੜਾਂਦੀ, ਗਿੱਟੇ ਗੋਡੇ
ਭੰਨਦੀ,
ਜਾ ਪੈਂਦੀ ਹਫ ਕੇ, ਹੰਬ ਕੇ, ਆਪਣੀ ਨਿੱਕੀ ਜਹੀ, ਕੋਠੜੀ ਵਿੱਚ,
ਦਰਵਾਜ਼ੇ ਖਿੜਕੀਆਂ ਸਭ ਬੰਦ ਕਰ ਲੈਂਦੀ।
ਪੈ ਜਾਂਦੀ ਅੰਦਰ ਬੇ-ਹੋਸ਼, ਬੇ-ਸੁਰਤ, ਬੇ-ਬਸ, ਲਾਚਾਰ,
ਤੜਫ ਤੜਫ, ਫੜਕ ਫੜਕ, ਤਰਸ ਤਰਸ ਰਹਿ ਜਾਂਦੀ,
ਕੰਬ ਕੰਬ, ਝੰਬ ਝੰਬ, ਹਫੀ, ਹੁੱਟੀ ਮੋਈ ਜਿੰਦ ਮੇਰੀ।

ਤੇ ਪਈ ਰਹੀ ਏਵੇਂ-
ਕਿਸੇ ਨਾ ਹਾਲ ਪੁਛਿਆ, ਨਾ ਸਾਰ ਲੀਤੀ,
ਨਾ ਕੈੜ ਕਿਸੇ ਰੱਖੀ, ਨਾ ਸੋਅ ਸੰਭਾਲੀ ਮੇਰੀ।
ਕਿਸੇ ਨਾ ਕੀਤੀ ਪਾਲਣਾ, ਨਾ ਗੌਰ ਮੇਰੀ, ਨਾ ਦਾਰੀ;
ਕਿਸੇ ਨਾ ਝੱਸਿਆ, ਨਾ ਨਿੱਘ ਦਿੱਤਾ, ਦੁਖ ਪੀੜ ਕਿਸੇ ਨਾ ਪੁੱਛੀ;
ਨਾ ਘੁੱੱਟਿਆ ਕਿਸੇ ਮੈਨੂੰ ਨਿੱਘ-ਪਿਆਰ ਵਾਲੀ ਗਲਵੱਕੜੀ ਵਿੱਚ;
ਕਿਸੇ ਨਾ ਦਰਦ ਵੰਡਾਇਆ ਮੇਰਾ, ਨਾ ਪੀੜ ਪਛਾਤੀ।
ਦੁਨੀਆਂ ਖਾਲੀ ਹੋਈ ਦਰਦੀਆਂ ਤੋਂ, ਵੇਦਨ ਪੁੱਛਣ ਵਾਲਿਆਂ ਤੋਂ
ਦਰਮਾਨ ਜਾਣਨ ਵਾਲਿਆਂ, ਦਾਰੂ ਵਾਲੇ ਦਰਮਲੀਆਂ ਤੋਂ
ਰਹੀ ਢੱਠੀ ਮੈਂ ਕੱਲਮਕੱਲੀ, ਬੇ-ਸੁਰਤ ਬੇਸੁਧ,

੨੩