ਟੋਟ
ਚਿਤ ਕਰਦੈ ਮੈਂ ਰੋਵਾਂ ਹੀ ਰੋਵਾਂ, ਵਾਲ ਸਿਰੇ ਦੇ ਖੋਹਵਾਂ,
ਮਾਰਾਂ ਮੁੱਕੀਆਂ ਵਿਚ ਕਾਲਜੇ, ਜਿੰਦ ਆਪਣੀ ਕੋਹਵਾਂ,
ਛਹਿਬਰ ਲਾਵਾਂ, ਨਦੀਆਂ ਵੱਗਣ, 'ਆਪਾ' ਆਪ ਰੜ੍ਹੋਵਾਂ,
ਰੁੜ੍ਹਦੀ ਜਾਵਾਂ, ਰੁੜ੍ਹਦੀ ਜਾਵਾਂ, ਕਿਤੇ ਨਾ ਮੂਲ ਖਲੋਵਾਂ।
ਤੜਪਾਂ ਲੁੱਛਾਂ, ਸੁੱਕਾਂ ਸਿਕ ਸਿਕ, ਆਪਣਾ ਆਪ ਵਿਗੋਵਾਂ,
ਜੀਵਨ ਜਿਸ ਬਿਨ ਕੋਝਾ ਕੌੜਾ, ਤਿਸ ਬਿਨ ਕਿਵੇਂ ਰਹੋਵਾਂ।
ਨਾ ਕਿਛੁ ਖਾਵਾਂ, ਨਾ ਕਿਛੁ ਪੀਵਾਂ, ਅੰਦਰ ਵੜ ਬਹਿ ਰੋਵਾਂ,
ਘਾਊਂ ਮਾਊਂ ਕਾਲਜਾ ਹੋਵੇ, ਕਿਤ ਬਿਧ ਧੀਰ ਧਰੋਵਾਂ।
ਮੁੱਠਾਂ ਮੀਟਾਂ, ਮੀਟਾਂ ਖੋਹਲਾਂ, ਤਲੀਆਂ ਮਲਾਂ ਮਲੋਵਾਂ।
ਆਙਸ, ਸਾਹਸ, ਸ਼ਕਤਿ ਨਾ ਕੋਈ, ਕਿਸ ਦੇ ਭਾਰ ਖਲੋਵਾਂ,
ਡੋਬ ਪਵੇ, ਕੋਈ ਹੌਲ ਉਠੇ, ਤੇ ਅੰਦਰ ਮੁੜ ਮੁੜ ਟੋਹਵਾਂ।
ਅੰਦਰ ਸੱਖਣਾ ਭਾਂ ਭਾਂ ਕਰਦਾ, ਡਰਦੀ ਨੱਸ ਖਲੋਵਾਂ।
ਢਾਠ ਪਵੇ, ਮੈਂ ਢਹਿੰਦੀ ਜਾਵਾਂ, ਕਿਸ ਦੀ ਟੇਕ ਟਿਕੋਵਾਂ।
ਲਿੱਲਾਂ ਨਿਕਲਣ, ਭਰਾਂ ਚਾਂਘਰਾਂ, ਕਿਤ ਬਿਧ ਉਸ ਦੀ ਹੋਵਾਂ,
ਮੈਂ ਮਰ ਚੱਲੀ, ਦੱਸੋ ਕੋਈ, ਕਿਥੇ ਢੂੰਡ ਢੁੰਡੋਵਾਂ,
ਉਸ ਦਿਓ ਲੋਕੋ, ਸਾਰ ਦਿਓ ਵੇ, ਪੈਰ ਤੁਸਾਂ ਦੇ ਧੋਵਾਂ,
ਦਿਨ ਨੂੰ ਡਰਦੀ ਚਾਨਣ ਕੋਲੋਂ, ਰਾਤੀਂਂ ਮੂਲ ਨਾ ਸੋਵਾਂ,
ਰਸੀਆ ਪ੍ਰੀਤਮ ਮਿਲੇ ਨਾ ਰਸ ਹੁਣ, ਕਿਥੋਂ ਚੁੰਘਾਂ ਚੋਵਾਂ,
ਜੀਵਨ-ਸੋਮਾ ਕੋਲ ਨਹੀਂ ਕਿਉਂ ਜੋਗ ਜੀਣ ਦੀ ਜੋਵਾਂ,
ਟੋਟ ਪਵੇ ਕੋਈ ਕਹਿਰ ਕਟਕਵੀਂ, ਟੁਟ ਟੁਟ ਟੋਟੇ ਹੋਵਾਂ।
੩੮