ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/54

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਤੇ ਭੁੱਲੀ ਆਪਣੇ ਪਾਗਲ-ਪਨ ਤੇ ਮਸਤੀ ਵਿਚ ਆਪਣੀ ਅਪੂਰਣਤਾ
ਸਾਰੀ ਮੈਂ,
ਤੇ ਗੁਆਚ ਗਈ ਕਿਸੇ ਪੂਰਣਤਾ ਵਿਚ,
ਇਉਂ ਜਾਪੇ ਜਿਵੇਂ ਪਾਗਲ-ਪਨ ਪੂਰਣਤਾ ਹੈ, ਮਸਤੀ ਮੁਕੰਮਲਤਾ ਹੈ,
ਸਿਆਣਪ ਊਣਤਾ ਹੈ, ਚਾਤਰੀ ਨਿਊਣਤਾ।
ਕਈ ਵਾਰੀ ਉੱਡੀ ਮੈਂ,
ਗੁੱਡੀ ਮੇਰੀ ਉਤਾਂਹ ਚੜ੍ਹੀ ਤੇ ਜਾ ਠਹਿਕੀ ਕਿਧਰੇ ਅਰਸ਼ਾਂ ਦੀਆਂ
ਉਚਿਆਈਆਂ ਨਾਲ।
ਪਰ ਰਹੀ ਨਾ ਓਥੇ ਸਦਾ ਮੈਂ,
ਡਿੱਗੀ ਜਿਵੇਂ ਗੁੱਡੀ ਡੋਰੋਂ ਟੁੱਟੀ,
ਢੱਠੀ ਮੈਂ ਧਰ ਤੇ, ਕਿ ਮੇਰੇ ਆਸਰੇ, ਸਹਾਰੇ ਤੇ ਡੋਰਾਂ ਛੁਟੀਆਂ-
ਮੈਂ ਆਸਰੇ ਬਿਨਾਂ ਨਾ ਸੀ ਖਲੋ ਜਾਣਦੀ।
ਆਸਰੇ ਸਦਾ ਤੇ ਇਕ ਸਾਰ ਨਾ ਰਹਿੰਦੇ,
ਕਦੀ ਹੰਬਲੇ ਨਾਲ ਮੈਂ ਉਤਾਂਹ ਉਠਦੀ,
ਤੇ ਅਪੁਣੇ ਜ਼ੋਰਾਂ ਨਾਲੋਂ ਵਧੇਰੇ ਜ਼ੋਰਾਂ ਵਾਲਾ ਜਾਪਦਾ ਮੈਨੂੰ ਕਿਧਰੇ
ਉਤਾਂਹ ਲਈ ਜਾਂਦਾ।
ਪਰ ਰਖਦਾ ਨਾ ਸਦਾ ਉਹ ਮੈਨੂੰ ਅਧਣੇ ਜ਼ੋਰਾਂ ਤੇ,
ਜਦ ਮੈਨੂੰ ਮੇਰੇ ਭਾਰ ਛੱਡਦੇ, ਮੈਂ ਆ ਡਿਗਦੀ,
ਹੌਲੇ ਹੌਲੇ, ਥੱਲੇ ਥੱਲੇ ਮੁੜ ਆਪਣੀ ਧਰਾਂ ਤੇ,
ਤੇ ਫੇਰ ਰਹਿ ਜਾਂਦੀ ਉਹੋ ਮੈਂ ਸੱਖਣੀ, ਸੁੰਞੀ, ਊਣੀ,
ਇਕ ਸਵਾਦ ਜਿਹਾ ਰਹਿ ਜਾਂਦਾ ਭਾਵੇਂ, ਇਕ ਚੇਤਾ ਜਿਹਾ,
ਉਡਾਰੀਆਂ ਉੱਡੀਆਂ ਦਾ।

੪੯