ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/64

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ



ਮੈਂ

'ਮੈਂ' ਸੀ ਨਾ, ਹੋਸੀ ਨਾ-
'ਮੈਂ' ਪਰਤੀਤ ਹੁੰਦੀ ਇਕੋ ਇਕ ਸੱਚ,
ਹੈ ਅਸਲੋਂ ਵੱਡਾ ਭੁਲੇਖਾ ਤੇ ਧੋਖਾ।
'ਮੈਂ' ਸੀ ਨਾ, ਹੋਸੀ ਨਾ-
'ਜੀਵਨ' ਹੈ ਬਸ-ਬੇ-ਕਿਨਾਰ
ਦਮ ਬਦੱਮ ਜੀਂਦਾ, ਅਨੰਤ ਚਾਲ ਚਲਦਾ।

'ਮੈਂ' ਹੈ ਬਸ ਇਕ ਬੁਲਬੁਲਾ,
ਤਰਦਾ ਜੀਵਨ-ਸਮੁੰਦਰ ਦੇ ਪਾਣੀਆਂ ਤੇ।
ਬੁਲਬੁਲਾ ਸੀ ਨਾ, ਹੋਸੀ ਨਾ,
ਪਾਣੀ ਸੀ, ਹੈ, ਹੋਸੀ।

ਹਵਾ, ਪਾਣੀ ਦੇ ਛਿਨ ਭੰਗਰ ਪਰਦੇ ਵਿਚ, ਹੈ ਬੁਲਬੁਲਾ,
ਜੀਵਨ, ਜਿਸਮ ਦੇ ਛਿਨ ਭੰਗਰ ਪਰਦੇ ਵਿਚ, ਹੈ 'ਮੈਂ'।
ਨਦਾਨਾਂ ਲਈ 'ਮੈਂ' ਹੈ, 'ਜੀਵਨ' ਨਹੀਂ,
ਦਾਨਿਆਂ ਲਈ ‘ਜੀਵਨ' ਹੈ, ਮੈਂ ਨਹੀਂ,
'ਮੈਂ' ਹਨੇਰਾ ਹੈ ਇਕ ਬੇ-ਸਮਝੀ ਦਾ,
ਜਦ ਸਮਝ ਚਮਕੇਗੀ, ਹਨੇਰਾ ਉੱਡੇਗਾ,
ਹਕੀਕਤ ਦਿੱਸੇਗੀ-ਜੀਵਨ।

੫੯