ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰਾ ਚੰਨ

ਰਾਤ ਅੱਧੀ ਸੀ, ਮੈਂ ਅਧਨੀਂਦੇ,
ਉੱਠਿਆ, ਟੁਰਿਆ ਇਕ ਪਾਸੇ,
ਪਹੁੰਚਿਆ ਇਕ ਨਕਾਨਕ ਭਰੇ ਤਲਾ ਦੇ ਕੰਢੇ।

ਸੋਹਣਾ ਸਮਾਂ, ਸੁਹਾਵਨਾ ਦ੍ਰਿਸ਼,
ਪੂਰਨ, ਪਰਕਾਸ਼ਮਾਨ, ਸੀਤਲ ਮਿੱਠਾ ਚੰਨ,
ਡਿੱਠਾ ਇਸ ਤਲਾ ਦੇ ਅੰਦਰ।

ਪਰ ਇਹ ਪੂਰਨ ਚੰਨ,
ਤ੍ਰਬਕਦਾ, ਕੰਬਦਾ, ਦੁਖਦਾ, ਤਿਲਮਲਾਂਦਾ ਕਿਉਂ ਏ?
ਇਤਨੇ ਪੂਰਨ, ਇਤਨੇ ਮਿੱਠੇ, ਇਤਨੇ ਪਰਕਾਸ਼ਮਾਨ ਚੰਨ ਨੂੰ ਅਡੋਲਤਾ
ਨਸੀਬ ਨਹੀਂ, ਕਿਉਂ?

ਕੋਈ ਆਇਆ,
ਧੌਣ ਮੇਰੀ ਗਿੱਚੀਓਂ ਪਕੜ ਕਰ ਦਿਤੀਓ ਸੁ ਉਤਾਹਾਂ ਨੂੰ,
ਨਜ਼ਰਾਂ ਗਈਆਂ ਮੇਰੀਆਂ ਤਲਾਵਾਂ ਨੂੰ ਛਡ, ਅਕਾਸ਼ ਵਲ।

ਅਰਸ਼ਾਂ ਤੇ ਚਮਕਦਾ ਡਿਠਾ, ਚੰਨ ਅਡੋਲ,
ਤਲਾਵਾਂ ਅੰਦਰ ਪਰਛਾਵਾਂ ਹਿਲਦਾ, ਅਰਸ਼ਾਂ ਉਤੇ ਅਸਲ ਅਡੋਲ।

੬੦