ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਖਬਰੇ ਕੋਈ ਯਾਦ ਆਈ, ਲੰਘ ਗਈ ਉਮਰਾ ਦੀ, ਖੁਸ ਗਈ
ਖੁਲ੍ਹ ਦੀ, ਖੁਲ੍ਹ ਵਾਲੇ ਜੰਗਲਾਂ ਦੀ।
ਖਿਆਲ ਨੇ ਉਹ ਜੰਗਲ ਤੱਕੇ, ਚੀਕਾਂ ਸੁਣੀਆਂ ਸਾਥੀਆਂ ਦੀਆਂ,
ਸਿਰ ਉਠੇ ਦੋ, ਅੱਖਾਂ ਮਿਲੀਆਂ ਚਾਰ,
ਘਿਰਣਾ ਦੀ ਨਜ਼ਰ ਤੱਕਿਆ, ਇਨ੍ਹਾਂ ਆਪਣੇ ਮਾਲਕ ਕਲੰਦਰ ਨੂੰ,
ਬੇ-ਖਬਰ ਪਾਂਦਾ ਸੀ, ਪੈਸੇ ਬੋਝੇ 'ਚ, ਆਟਾ ਦਾਣਾ ਗੁਛੀਆਂ 'ਚ
ਰੋਟੀਆਂ ਫੜਾਂਦਾ ਮੁੰਡੇ ਦੇ ਹੱਥ,
ਛਾਲ ਮਾਰੀ ਇਨ੍ਹਾਂ, ਇਕ ਛੜੱਪਾ, ਚੜ੍ਹ ਗਏ ਪਿੱਪਲ ਤੇ ਬਾਂਦਰ
ਬਾਂਦਰੀ, ਮਾਰ ਮਾਰ ਟਪੋਸੀਆਂ, ਗਏ ਟਾਹਣੀਉਂ
ਟਾਹਣੀ ਉੱਚੀ ਇਕ ਟੀਸੀ ਤੇ,
ਲੱਗਣ ਜਿਊਂਦੇ ਇਉਂ, ਜਵਾਨੀ ਮੁੜ ਆਈ ਮਰਿਆਂ ਸਰੀਰਾਂ ਵਿਚ
ਜਿਵੇਂ, ਦੰਦੀਆਂ ਚਘਾਂਦੇ ਹੇਠਾਂ ਬੈਠਿਆਂ ਨੂੰ।
ਪਾੜ ਸੁੱਟੀ ਲਾਲ ਘੱਗਰੀ ਬਾਂਦਰੀ ਨੇ, ਮੈਲਾ ਕੋਟ ਬਾਂਦਰ ਨੇ,
ਨਵ੍ਹਾਂ ਨਾਲ, ਦੰਦਾਂ ਨਾਲ,
ਇਹ ਕੈਦ ਦੀਆਂ ਨਸ਼ਾਨੀਆਂ, ਗੁਲਾਮੀ ਦੇ ਤਕਮੇ, ਕਬਜ਼ ਕਰਦੇ
ਰੂਹਾਂ ਨੂੰ,
ਫਿਰਨ ਟਾਹਣੀਓਂ ਟਾਹਣੀ, ਟੀਸੀਓਂ ਟੀਸੀ, ਟਪੋਸੀਆਂ ਮਾਰਦੇ
ਮਨ ਮਰਜ਼ੀ ਨਾਲ,
ਭਾਗਾਂ ਨਾਲ ਮਿਲੀ ਇਸ ਨਵੀਂ ਆਜ਼ਾਦੀ ਨੂੰ ਮਾਣਦੇ, ਮਿਉਂਦੇ
ਨਾ ਜਿਸਮਾਂ ਵਿਚ।
੭੨