ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੇਠਾਂ ਖਲੋਤਾ ਕਲੰਦਰ, ਤੇ ਉਸ ਦਾ ਸਾਥੀ, ਘਬਰਾਏ ਹੋਏ, ਹੱਕੇ ਬੱਕੇ,
ਦੋ ਤਿੰਨ ਬੁਢੇ ਹੋਰ ਨਾਲ, ਜਿਨ੍ਹਾਂ ਦੀ ਟਿਕਾਣ ਸੀ ਬਸ ਇਹੋ,
ਇਕ ਪਿੱਪਲ,
ਹੱਥਾਂ ਵਿਚ ਲਏ ਰੋਟੀ ਦੇ ਟੁੱਕਰ, ਤਲੀਆਂ ਤੇ ਰੱਖੀਆਂ ਖਿੱਲਾਂ
ਛੋਲਿਆਂ ਦੀਆਂ,
ਪੁਚ ਪੁਚ ਕਰਦੇ, ਤਰਲਿਆਂ ਤੇ ਪਿਆਰ ਨਾਲ ਬੁਲਾਂਦੇ, ਨੇੜੇ ਨੇੜੇ,
ਇਸ ਬਾਂਦਰ ਤੇ ਬਾਂਦਰੀ ਨੂੰ।

ਭੁੱਖੇ ਸਨ ਇਹ ਬਾਂਦਰ ਬਾਂਦਰੀ ਦੋਵੇਂ,
ਪਿੱਪਲ ਤੇ ਕੁਝ ਨਾ ਲਭਾ ਸੀ ਖਾਣ ਨੂੰ, ਹੋਰ ਭੁਖ ਚਮਕਾਈ ਇਨ੍ਹਾਂ
ਖੁਲ੍ਹੀਆਂ ਟਪੋਸੀਆਂ ਨੇ ਸਗੋਂ,
ਆਏ ਲਲਚਾਏ ਹੇਠਾਂ ਹੇਠਾਂ, ਵੇਖ ਮਾਲਕ ਦੇ ਹੱਥ ਟੁੱਕਰ ਤੇ ਖਿੱਲਾਂ-
ਡੰਡਾ ਪਿਆ ਪਿਠ ਪਿਛੇ ਨਾ ਦਿਸਿਆ,
ਟੁੱਕਰ ਫੜ ਹੀ ਲਿਆ ਸੀ-ਕਿ ਸੰਗਲੀ ਫੜ ਲਈ ਕਲੰਦਰ ਨੇ
ਬਾਂਦਰ ਦੀ, ਮੁੰਡੇ ਨੇ ਬਾਂਦਰੀ ਦੀ,
ਟੁੱਕਰ ਹਟਾ ਲਿਆ ਅੱਗੋਂ, ਖੱਸ ਲਈਆਂ ਖਿੱਲਾਂ, ਤੇ ਡੰਡਾ ਫੜਿਆ
ਹੱਥ, ਅਕੇ ਹੋਏ ਕਲੰਦਰ ਨੇ।

ਗੁੱਛੂ ਮੁੱਛੂ ਹੁੰਦੇ ਇਹ ਬਾਂਦਰ ਬਾਂਦਰੀ, ਕੱਠੇ ਹੁੰਦੇ ਜਾਣ, ਕਲੰਦਰ
ਦੀਆਂ ਲੱਤਾਂ ਵਿਚ, ਚੀਕਾਂ ਮਾਰਦੇ, ਤਰਲੇ ਕੱਢਦੇ,
ਮਾਰਿਆ ਕਲੰਦਰ ਨੇ ਡੰਡੇ ਨਾਲ, ਨਾਲੇ ਬੰਦ ਕੀਤੀ ਇਕ ਡੰਗ
ਦੀ ਰੋਟੀ-'ਬੜਾ ਖਪਾਇਆ ਇਹਨਾਂ ਮੈਨੂੰ।'

੭੩