ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੁਕਾਰ ਮੇਰੇ ਰੱਬ ਦੀ

ਮੈਂ ਵੇਖਿਆ ਸੀ, ਰੱਬ ਮੇਰਾ,
ਇਕ ਦਿਲਗੀਰੀ ਵਿਚ, ਇਕ ਦਰਦ ਵਿਚ ਪੁਕਾਰਦਾ ਪਿਆ,
ਮੈਂ ਠੀਕ ਸੁਣਿਆ ਸੀ ਕੰਨ ਦੇ ਕੇ, ਆਂਹਦਾ ਸੀ ਪਿਆ,
ਉਹਦੇ ਆਖਣ ਵਿਚ ਦਰਦ ਸੀ, ਕੂਕ ਵਿਚ ਪੀੜ-
"ਮੈਂ ਆਪਣੇ ਬੰਦਿਆਂ ਵਾਸਤੇ ਗੁਲਾਮੀ ਹਰਾਮ ਕੀਤੀ ਸੀ,
ਮੇਰੇ ਬੰਦੇ ਫਿਰ ਗੁਲਾਮ ਨੇ ਕਿਉਂ?
ਮੈਂ ਆਪਣੇ ਬੰਦਿਆਂ ਵਾਸਤੇ ਸਭ ਪੈਦਾਦਿਸ਼ ਕੀਤੀ ਸੀ,
ਮੇਰੇ ਬੰਦੇ ਫੇਰ ਭੁੱਖੇ ਨੇ ਕਿਉਂ, ਨੰਗੇ ਨੇ ਕਿਉਂ?
ਮੈਂ ਸਾਰੀ ਕੁਦਰਤ ਆਪਣੇ ਬੰਦਿਆਂ ਦੀ ਚਾਕਰ ਕੀਤੀ ਸੀ,
ਮੇਰੇ ਬੰਦੇ ਫੇਰ ਕਿਸੇ ਦੇ ਚਾਕਰ ਨੇ ਕਿਉਂ?
ਮੈਂ ਸਭ ਨੂੰ ਸਰਦਾਰੀ ਦਿੱਤੀ ਸੀ ਰਾਜਗੀ,
ਇਹ ਨਫ਼ਰ ਹੈਨ ਕਿਉਂ, ਗੁਲਾਮ ਰਹਿਣ ਕਿਉਂ?
ਮੈਂ ਬਣਾਇਆ ਸੀ ਸਭ ਨੂੰ ਜਿਊਣ ਲਈ, ਜਿਊਂਦੇ ਰਹਿਣ ਲਈ,
ਜਿਊਂਦੇ ਰਹਿਣ ਦੇਣ ਲਈ,
ਇਹ ਜੀਊਂਦੇ ਨਹੀਂ ਕਿਉਂ, ਜਿਊਂਦੇ ਰਹਿੰਦੇ ਨਹੀਂ ਕਿਉਂ,
ਜਿਉਂਦੇ ਰਹਿਣ ਦੇਂਦੇ ਨਹੀਂ ਕਿਉਂ?
ਮੈਂ ਇਹਨਾਂ ਨੂੰ ਅਰੋਗ ਬਣਾਇਆ ਸੀ, ਸਦਾ ਜਵਾਨ,
ਇਹ ਰੋਗੀ ਹੇਨ ਕਿਉਂ, ਸਦਾ ਮੁਰਦੇ ਰਹਿਣ ਕਿਉਂ?
ਮੈਂ ਇਹਨਾਂ ਨੂੰ ਅਕਲ ਦਿਤੀ ਸੀ, ਇਹ ਵਰਤਦੇ ਨਹੀਂ ਕਿਉਂ?

੭੭