ਮੈਂ ਇਹਨਾਂ ਨੂੰ ਬੁਧੀ ਦਿਤੀ ਸੀ, ਇਹ ਜੋਖਦੇ ਨਹੀਂ ਕਿਉਂ?
"ਕੌਣ ਹੈ ਖੜਾ ਮੇਰੇ ਤੇ ਮੇਰੇ ਬੰਦਿਆਂ ਦੇ ਵਿਚਕਾਰ?
ਜਿਸ ਦੇ ਉਹਲੇ ਕਾਰਨ, ਬੰਦਿਆਂ ਨੂੰ ਦਿਸਦਾ ਨਹੀਂ ਮੈਂ, ਬੰਦੇ
ਵਿਹੰਦੇ ਨਹੀਂ ਮੈਨੂੰ?
ਅਕਲਾਂ ਦੇ ਕੋਟ ਮੂਰਖ ਹਨ, ਪਿਆਰਾਂ ਦੇ ਪੁਤਲੇ ਲੜਦੇ ਹਨ,
ਹੁੰਦੇ ਸੁੰਦੇ ਭੁੱਖੇ ਹਨ, ਨੇੜੇ ਹੁੰਦੇ ਦੂਰ ਹਨ।
ਇਹ ਕੌਣ ਹਨ ਮੈਨੂੰ ਕੰਡ ਦੇਈ ਖੜੇ, ਚਾਨਣ ਮੇਰਾ ਰੋਕੀ ਖੜੇ?
ਮੁੱਲਾਂ, ਪਾਂਧੇ, ਪੰਡਤ, ਗੁਰੂ, ਪੀਰ, ਲੀਡਰ, ਪੁਜਾਰੀ, ਲੁਟੇਰ!
ਇਹ ਕੀ ਹੈ ਉਹਲਾ ਜਿਹਾ, ਵਿਚਕਾਹੇ ਜਿਹੇ?
ਮਸਜਦਾਂ, ਮੰਦਰ, ਮੁਲਕ-ਹਨੇਰੇ ਕੋਠੇ, ਸੱਖਣੀਆਂ ਹੱਦਾਂ!
ਇਹ ਕੀਹ ਹੈ ਆਲ ਜਾਲ ਜੰਜਾਲ, ਮੇਰੇ ਬੰਦਿਆਂ ਨੂੰ ਬੰਨੇ ਬਨ੍ਹਣ?
ਧਰਮ, ਮਜ਼੍ਹਬ, ਸ਼ਰ੍ਹਾ, ਸ਼ਿਕੰਜੇ-ਵਹਿਮ ਭੁਲੇਖੇ।
ਕਰਾਂ ਫਨਾਹ ਇਹਨਾਂ ਦਲਾਲਾਂ ਨੂੰ, ਇਹਨਾਂ ਉਹਲਿਆਂ ਨੂੰ, ਇਹਨਾਂ
ਬੰਨ੍ਹਣਾਂ ਨੂੰ?
ਪਰ ਕਿਉਂ?
ਮੈਂ ਆਪਣੇ ਬੰਦਿਆਂ ਨੂੰ ਆਪਣੀ ਸਾਰੀ ਸ਼ਕਤੀ ਦਿੱਤੀ ਏ,
ਸਾਰੀ ਅਕਲ।
ਉਹ ਆਪੇ ਆਜ਼ਾਦ ਹੋਸਨ, ਆਪਣੀ ਤਾਕਤ ਨਾਲ!
ਮੇਰਾ ਦਖਲ ਦੇਣਾ ਹੁਣ ਠੀਕ ਨਾ"-
ਰੱਬ ਦੀ ਦਿਲਗਰੀ ਲਹਿ ਗਈ, ਉਹ ਲੱਗਾ ਫਿਰਨ ਚਾਈਂ
ਚਾਈਂ, ਖੁਸ਼।
੭੮