ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਛਪਾ ਨਾ ਰਹੇ, ਭੇਤ ਨਾ ਰਹੇ, ਹੋਵ ਅਭੇਦਤਾ,
ਮੈਂ ਢੂੰਡਦਾ ਇਕ ਸਾਥੀ,
ਪੁਜਾਰੀ ਆਪਣਾ, ਪੂਜਯ ਆਪਣਾ,
ਕਮਜ਼ੋਰੀਆਂ ਜਿਸ ਦੀਆਂ ਨੂੰ ਮੈਂ ਜਾਣਾਂ, ਤ੍ਰੁਟੀਆਂ ਮੇਰੀਆਂ ਨੂੰ
ਜੋ ਪਛਾਣੇ,
ਸਬੂਤੀਆਂ ਮੇਰੀਆਂ ਨੂੰ ਜੋ ਪਿਆਰੇ, ਖੂਬੀਆਂ ਜਿਸ ਦੀਆਂ
ਨੂੰ ਮੈਂ ਪਿਆਰਾਂ,
ਮੇਰੇ ਗੁਨਾਹਾਂ ਨੂੰ ਜੋ ਜਾਣੇ, ਜਿਵੇਂ ਮੈਂ ਜਾਣਦਾ,
ਜਿਸ ਦੇ ਗੁਨਾਹਾਂ ਨੂੰ ਮੈਂ ਜਾਣਾਂ, ਜਿਵੇਂ ਉਹ ਜਾਣਦਾ,
ਦਿਲਾਂ ਦੀਆਂ ਜੋ ਦੇਵੇ ਤੇ ਲਵੇ,
ਅੰਦਰਲੇ ਨਾਲ ਜੋ ਗੱਲਾਂ ਕਰੇ ਤੇ ਸੁਣੇ,
ਜਿਸ ਦਾ ਕਿਣਕਾ ਕਿਣਕਾ ਮੇਰਾ ਜਾਣੂ, ਮੇਰਾ ਪੁਰਜ਼ਾ
ਪੁਰਜ਼ਾ ਜਿਸ ਦਾ ਸਿਆਣੂ,
ਮੇਰੀ ਹੇਕ ਜਿਸ ਨਾਲ ਰਲੇ, ਤੇ ਦੋ ਰੂਹਾਂ ਇਕ ਗੀਤ ਗਾਣ।
ਮੈਂ ਢੂੰਡਦਾ ਉਹ ਮਾਲਕ-ਯਾਰ,
ਜਿਦ੍ਹੇ ਬੰਧਨਾਂ ’ਚ ਮੇਰੀ ਆਜ਼ਾਦੀ ਹੈ,
ਜਿਦ੍ਹੀਆਂ ਪੁੱਛਾਂ ਵਿਚ ਮੇਰੇ ਜਵਾਬ,
ਮੇਰੇ ਨਾਜ਼ਾਂ ਨੂੰ ਜੋ ਉਠਾਵੇ,
ਜਿਦ੍ਹੇ ਰੋਸੇ ਨੂੰ ਮੈਂ ਮਨਾਵਾਂ,
ਮੇਰੇ ਬਿਨਾਂ ਜਿਸ ਨੂੰ ਕੰਮ ਕੋਈ ਨਾ ਹੋਵੇ,
ਜਿਸ ਦੇ ਨਾਲ ਮੈਨੂੰ ਵਿਹਲ ਰਤਾ ਨਾ ਰਹੇ,
੮੩