ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/93

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਢੱਗਾ ਜੁੱਤਾ ਇਕ ਅਗੇ, ਗਾਧੀ ਦੇ,
ਵਗਦਾ ਇਕ ਚਾਲ ਤੇਲੀ ਦੀ ਹੂੰਗਰ ਤੇ,
ਖੋਪੇ ਬੱਧੇ ਅਖਾਂ ਦੋਹਾਂ ਅਗੇ,
ਮਤ ਵੇਖੇ ਬਾਹਰ ਦੀ ਦੁਨੀਆਂ,
ਤੇ ਵਗਨਾ ਛੱਡੇ,
ਇਹ ਖੋਪੀਂ ਲੱਗਾ ਢੱਗਾ।

ਤੇਲੀ ਬੈਠਾ ਨੁੱਕਰੇ ਇਕ, ਹੁੱਕਾ ਗੁੜ ਗੁੜ ਕਰਦਾ,
ਹਿਲਾਂਦਾ ਫਰਾਹ ਨਾਲ ਕਹਲੂ ਵਿਚਲੇ ਦਾਣੇ ਕਦੀ,
ਕੁੱਛੜ ਚੁਕਦਾ, ਨਲੀ ਵਗਦੇ ਰੋਂਦੂ ਮੁੰਡੇ ਨੂੰ ਕਦੀ,
ਕਦੀ ਵਾਜ ਮਾਰਦਾ ਤੇਲਣ ਨੂੰ, "ਮੁੰਡਾ ਲੈ ਜਾ ਆ ਕੇ",
ਕਦੀ ਸਿੱਧਾ ਕਰਦਾ ਭਾਂਡੇ ਨੂੰ ਭਰਨਾ ਉਤੇ ਆਇਆ ਜੋ,
ਕਦੀ ਮਾਰਦਾ ਸੋਟਾ, ਸੁਸਤ ਟੁਰਦੇ ਇਸ ਕੰਨ੍ਹ ਲੱਗੇ ਢੱਗੇ ਨੂੰ।

ਤੇਲਣ ਬੈਠੀ ਅੰਦਰ, ਝਲਾਣੀ ਅੰਦਰ,
ਥਿੰਧੇ ਕਪੜੇ, ਥਿੰਧਾ ਮੂੰਹ, ਤਿਲਕਣੀ ਤੇਲਣ,
ਤਿਲਕ ਤਿਲਕ ਡਿਰਾਦੇ, ਤਿਲਕਣ ਬਾਜ਼ੀ, ਪਿੰਡ ਦੇ ਗਭਰੂ ਇਸ
ਦੇ ਰਾਹ ਉਤੇ,
ਪ੍ਰੌਠੇ ਪਕਾਂਦੀ ਤੇਲ ਦੇ ਚੋਂਦੇ ਚੋਂਦੇ,
ਗੱਦੇ ਪਾ ਇਕ ਮੁੰਡਾ,
ਦੁਧ ਚੁੰਘਦਾ ਜੋ।

੮੮