ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/95

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ


ਮੁਟਿਆਰਾਂ ਦਾ,
ਤਾੜਾ ਵੱਜਦਾ, ਪਿੰਞਣ ਚਲਦਾ, ਤੇ ਮੁੜ੍ਹਕੋ ਮੁੜ੍ਹਕੀ ਹੋਈ ਜਾਂਦਾ, ਇਹ
ਤੇਲੀ, ਸਿਆਲੇ ਦੀਆਂ ਰਾਤਾਂ ਵਿਚ।
ਦੀਵਾ ਸਰ੍ਹੋਂ ਦਾ ਜਗਦਾ, ਦੂਰ ਦੁਆਖੇ ਤੇ, ਅਧ-ਕੰਧੇ,
ਤੇ ਮੈਲ ਤੇਲ ਦੀ ਵਗਦੀ, ਧੁਰ ਹੇਠਾਂ, ਫਰਸ਼ਾਂ ਤੀਕ,
ਤੇ ਸਭ ਕੰਮ ਹੁੰਦੇ ਇਸ ਤੇਲੀ ਦੇ ਘਰ ਦੇ,
ਇਸ ਦੀਵੇ ਦੇ ਨਿੰੰਮ੍ਹੇ ਚਾਨਣੇ।

ਰੂੰ ਰਖ ਜਾਂਦੀਆਂ ਮੁਟਿਆਰ ਸੁਆਣੀਆਂ, ਸ਼ਾਮਾਂ ਨੂੰ,
ਤੇ ਪਿੰਜਾ ਲੈ ਜਾਂਦੀਆਂ ਅਗਲੇ ਭਲਕ, ਪਰਭਾਤਾਂ ਨੂੰ,
ਪੂਣੀਆਂ ਵਟਦੀਆਂ ਰਹਿੰਦੀਆਂ ਬਹਿ ਕੇ, ਨਾਲੇ ਕੋਈ ਕੋਈ ਗੱਲ
ਕਰਦੀਆਂ ਤੇਲੀ ਨਾਲ, ਐਧਰ ਦੀ ਓਧਰ ਦੀ-
ਇਹ ਇਕ ਜਿਉਂਦੀ ਘੜੀ ਹੁੰਦੀ, ਇਸ ਤੇਲੀ ਦੇ ਬੁੱਸੇ ਜੀਵਨ ਵਿਚ।

ਕੋਈ ਇਕ ਮੁਟਿਆਰ, ਭਖਦੀ ਜਵਾਨੀ, ਬੁਢੇ ਹਟਵਾਣੀਏਂ ਦੀ
ਜਵਾਨ ਨਾਰ,
ਰੂੰ ਪਿੰਞਾਣ ਜਾਂਦੀ, ਲਗੀਆਂ ਮੁਹੱਬਤਾਂ ਦਾ,
ਕਾਂਗ 'ਚ ਆਉਂਦੀ ਜਦ ਜਵਾਨੀ, ਤੇ ਬੇ-ਵੱਸ ਹੋ ਵਗਦੀ,
ਅੰਗ ਅੰਗ ਫਰਕਦਾ, ਪੁਰਜ਼ਾ ਪੁਰਜ਼ਾ, ਤਰਸਦਾ,
ਕੁਝ ਕੁਝ ਕਰਨ ਨੂੰ, ਕਿਧਰੇ ਜਾਂ ਮਰਨ ਨੂੰ!

ਰੂੰ ਰੱਖ ਆਉਂਦੀ ਸ਼ਾਮਾਂ ਨੂੰ, ਤੇਲੀ ਦੇ ਘਰ,

੯੦