ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ
ਬਸੰਤ ਉਹਲੇ ਕੌਣ ਕੋਈ?
ਬਸੰਤ ਆਈ, ਖੁਸ਼ੀਆਂ ਤੇ ਰੰਗ ਰਲੀਆਂ ਨਾਲ ਲਿਆਈ,
ਲੋਕ ਬਸੰਤ ਦਿਆਂ ਰੰਗਾਂ ਨੂੰ ਪਏ ਵੇਖਦੇ ਨੇ ਤੇ ਮੈਂ ਬਸੰਤ
ਅੰਦਰ ਰੰਗ ਭਰਨ ਵਾਲੇ ਲਿਲਾਰੀ ਨੂੰ ਪਈ ਢੂੰਡਦੀ ਹਾਂ।
ਤਿੱਤਰੀਆਂ ਨੂੰ ਇਹ ਖੂਬਸੂਰਤੀ ਕਿਸ ਨੇ ਦਿੱਤੀ? ਫੁੱਲਾਂ
ਦੇ ਇਹ ਰੰਗ ਕਿਸ ਨੇ ਰੰਗੇ? ਕਲੀਆਂ ਵਿਚ ਇਹ ਖਿੱਚ ਕਿਸ
ਨੇ ਪਾਈ? ਲੋਕਾਂ ਦੇ ਦਿਲਾਂ ਵਿਚ ਖੁਸ਼ੀ ਮਾਣਨ ਦੀਆਂ ਇਹ
ਕੁਤ-ਕੁਤਾਰੀਆਂ ਕਿਸ ਨੇ ਕੱਢੀਆਂ?
ਸੋਹਣੀਆਂ ਸੁਹਲ ਕੁੜੀਆਂ ਰੰਗ ਬਰੰਗੇ ਵੇਸ ਲਾ ਕੇ ਦਰਯਾ
ਦੇ ਕੰਢੇ ਆਪਣੀਆਂ ਸਹੇਲੀਆਂ ਸੰਗ ਬਸੰਤ ਦੀਆਂ ਮੌਜਾਂ ਪਈਆਂ
ਲੁਟਦੀਆਂ ਨੇ, ਅਰ ਮੈਂ ਇਹਨਾਂ ਕੁੜੀਆਂ ਦੇ ਦਿਲਾਂ ਦੀਆਂ ਅੰਦਰਲੀਆਂ
ਖਾਹਸ਼ਾਂ ਦੇ ਭੇਤਾਂ ਨੂੰ ਸੋਚ ਰਹੀ ਹਾਂ। ਇਹ ਉਮੰਗਾਂ ਕਿਸ
ਉਪਜਾਈਆਂ ਤੇ ਇਹ ਜ਼ਿੰਦਗੀ ਦੇਣ ਵਾਲੇ ਨਜ਼ਾਰੇ ਕਿਸ
ਨੇ ਬਖ਼ਸ਼ੇ?
ਇਹ ਕੀ ਉਹਲੇ ਬੈਠ ਤਾਕਤ ਹੈ? ਕੀ ਅਦਿੱਸ
ਅਛੋਹ ਸ਼ਕਤੀ?
ਕੁੜੀਆਂ ਬਸੰਤ ਨੂੰ ਖੇਡ ਮੱਲ ਘਰਾਂ ਨੂੰ ਮੁੜੀਆਂ, ਮੈਂ ਸੋਚਾਂ
ਸੋਚਦੀ ਕਿਧਰੇ ਨਾ ਅਪੜੀ।
੯੪