ਸਮੱਗਰੀ 'ਤੇ ਜਾਓ

ਪੰਨਾ:ਵਰਣਾਂ ਦੇ ਵਣਜਾਰੇ - ਰਵਿੰਦਰ ਭੱਠਲ.pdf/39

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਪਰ ਜੈਤੋਂ ਦੀਆਂ ਜੁੜਵੇਂ ਘਰਾਂ ਵਾਲੀਆਂ
ਗਲੀਆਂ ਦਾ ਭਰਪਣ
ਉਸਦੇ ਬੋਲਾਂ, ਗਲਵਕੜੀਆਂ, ਕਾਰਜਾਂ 'ਚੋਂ
ਹੁਣ ਵੀ ਮਨਫ਼ੀ ਨਹੀਂ ਹੋਇਆ।

ਮੈਂ ਜਿਸ ਦੀ ਗੱਲ ਕਰਨ ਲੱਗਾ ਹਾਂ
ਉਸਦੇ ਜ਼ਿਹਨ ਵਿਚ
ਅਨੇਕਾਂ ਘੁੰਮਦੇ ਫਿਰਦੇ ਅਕਾਸ਼ ਹਨ
ਤੇ ਉਹ ਉਕਾਬ ਵਾਂਗ ਉਡਾਰੀਆਂ ਭਰਦਾ
ਹਰ ਖੇਤਰ ਦੀਆਂ ਸਿਖਰਾਂ ਛੋਂਹਦਾ
ਇਕੋ ਜਿਹੀ ਮੁਹਾਰਤ ਰੱਖਦਾ ਹੈ
ਉਸ ਕੋਲ ਤਿੰਨੇ ਭਾਸ਼ਾਵਾਂ 'ਚ
ਦਿਲ ਦੇ ਧੁਰ ਤਹਿ ਤਕ ਦੀਆਂ ਗੱਲਾਂ
ਕਰ ਸਕਣ ਦੀ ਸੰਪੂਰਣ ਸਮਰੱਥਾ ਹੈ।

ਉਹ ਵਿਸ਼ਵ ਦੇ ਸ਼ਾਹਕਾਰ ਨਾਵਲਾਂ ਨੂੰ
ਫਰੋਲਣ ਵਿਰੋਲਣ ਤੇ ਵਾਚਣ ਦੀ ਜਾਚ ਦੱਸਦਾ ਹੈ
ਪੜ੍ਹਣ ਦੀ ਜਾਗ ਵੀ ਲਾਉਂਦਾ ਹੈ
ਵਿਸ਼ਵ ਭਰ ਦੇ ਸਾਂਸਕ੍ਰਿਤਕ ਜੀਵਨ, ਚੱਜ ਵਿਹਾਰ
ਅਤੇ ਜ਼ਿੰਦਗੀ ਦੇ ਸੰਘਰਸ਼ਾਂ ਨੂੰ
ਜਾਣਨ ਪਛਾਨਣ ਦਾ
ਮੌਕਾ ਵੀ ਪ੍ਰਦਾਨ ਕਰਦਾ ਹੈ
ਤੇ ਸਾਡੀ ਸਮਰੱਥਾ ਦਾ
ਇਮਤਿਹਾਨ ਵੀ ਲੈਂਦਾ ਹੈ।

ਆਪਾਂ ਜਿੰਨਾ ਵੀ ਮਾਣ ਕਰੀਏ ਥੋੜਾ ਹੈ
ਕਿਉਂਕਿ ਉਹ ਆਪਣੀ ਲਿਖਤ ਵਿਚ
ਸਿਰਫ਼ ਦਰਸਾਉਂਦਾ ਹੀ ਨਹੀਂ, ਵਿਖਾਉਂਦਾ ਵੀ ਹੈ
ਸੰਵੇਦਨਾ ਸ਼ਹਿਦ ਵਰਗੀ ਮਿੱਠੀ ਤੇ ਗਾੜੀ
ਨਾ ਤਮ੍ਹਾਂ ਨਾ ਗਰੂਰ
ਕਾਰਜ ਦੀ ਲਗਨ ਨਸ਼ੇ ਦੀ ਹੱਦ ਤਕ
ਬਿਮਾਰੀ ਦੇ ਦਿਨਾਂ 'ਚ ਵੀ
ਇਹ ਲਗਨ ਉਵੇਂ ਹੀ ਮਘਦੀ ਰਹੀ

ਵਰਣਾਂ ਦੇ ਵਣਜਾਰੇ - 39