ਸਮੱਗਰੀ 'ਤੇ ਜਾਓ

ਪੰਨਾ:ਵਰਣਾਂ ਦੇ ਵਣਜਾਰੇ - ਰਵਿੰਦਰ ਭੱਠਲ.pdf/43

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

ਇਸੇ ਲਈ ਉਹਦੀ ਕਲਮ
ਸ਼ਹਿਰੀ ਰੋਸ਼ਨੀਆਂ ਦੇ ਆਲਮ ਵਿਚ ਵੀ
ਮਨਾਂ ਦੇ ਹਨ੍ਹੇਰਿਆਂ, ਤਿੜਕਦੀ ਹੋਂਦ
ਤੇ ਸਾਹ ਘੁੱਟ ਘੁੱਟ ਕੇ ਜਿਉਂਦੇ
ਬੰਦਿਆਂ ਦੀ ਬਾਤ ਪਾਉਂਦੀ ਹੈ।

ਇਸ ਕਲਮਕਾਰ ਦੇ ਗਲਪੀ ਕਰਮ ਵਿਚ
ਮੱਧ-ਵਰਗੀ ਲੋਕਾਂ ਦੇ
ਅੰਤਰ-ਮਨ ਦੀ ਵਿਥਿਆ
ਬੋਲਣ ਤੋਂ ਵਿਰਵੇ ਉਹਨਾਂ ਬੇਵਸ ਵਿਅਕਤੀਆਂ
ਜਿਨ੍ਹਾਂ ਦੀ ਜੀਭ ਠਾਕੀ ਹੈ ਛਾਲਿਆਂ ਨੇ
ਜਿਨ੍ਹਾਂ ਦੇ ਪੈਰਾਂ ਦੀਆਂ ਪਾਟੀਆਂ ਬਿਆਈਆਂ
ਮੰਜ਼ਿਲ ਦੀ ਤਲਾਸ਼ ਵਿਚ ਹਨ
ਜਿਨ੍ਹਾਂ ਦੇ ਬੱਚਿਆਂ ਦੀਆਂ ਅੱਖਾਂ 'ਚ
ਸੁਪਨੇ ਤਾਂ ਹਨ ਸੁਹੱਪਣੀ ਸੰਸਾਰ ਦੇ
ਪਰ ਪੈਰ ਧਰਨ ਲਈ ਪੌੜੀ ਨਹੀਂ
ਅਜਿਹੇ ਲੋਕਾਂ ਦੇ ਘਰਾਂ ਦੀ
ਥਾਹ ਪਾਉਣ ਦਾ ਜੇਰਾ ਉਸ ਕੋਲ ਹੈ।

ਉਸਦੀ ਕਲਮੀ ਕਲਾਤਮਕਤਾ
ਵਿਸ਼ਾਲਤਾ ਨੂੰ ਬਿੰਦੂ 'ਚ
ਸਮੇਟਣ ਦੀ ਜਾਂਚ ਜਾਣਦੀ ਹੈ
ਮਨ ਦੀਆਂ ਤੈਹਾਂ ਫਰੋਲਦਾ ਉਹ
ਪਾਤਰ ਦਾ ਪੂਰਾ ਜੀਵਨ ਹੰਗਾਲ ਛੱਡਦਾ ਹੈ
ਤੇ ਕਿੰਨੇ ਸਾਰੇ ਹੀ ਪ੍ਰਸ਼ਨ
ਸਾਡੇ ਸਾਹਮਣੇ ਉਜਾਗਰ ਕਰ ਦਿੰਦਾ ਹੈ
ਅਸੀਂ ਉਹਨਾਂ ਸੰਗ ਦੋ-ਚਾਰ ਹੁੰਦੇ
ਜੀਵਣ ਦੇ ਜਟਿਲ ਅਰਥਾਂ ਦੀ
ਪੈੜ ਪਛਾਣਨ ਤੁਰ ਪੈਂਦੇ ਹਾਂ।
ਸਹਿਕਦੀਆਂ, ਤੜਫ਼ਦੀਆਂ, ਲੱਛਦੀਆਂ

ਉਹਦੀਆਂ ਸ਼ਹਿਰੀ ਮੱਧਵਰਗੀ ਨਾਇਕਾਵਾਂ
ਕਸਕ ਕਰੁਣਾ ਦੀ ਕਹਾਣੀ ਕਹਿੰਦੀਆਂ

ਵਰਣਾਂ ਦੇ ਵਣਜਾਰੇ - 43