ਮਾਪਿਆਂ ਸਹੇੜਿਆ ਰਿਸ਼ਤਾ ਸੀ
ਜਿਹੜਾ ਉਹਨਾਂ ਆਪ ਹੀ ਜੋੜਿਆ
ਤੇ ਫਿਰ ਆਪ ਹੀ ਤੋੜਿਆ।
ਮਾਂ ਉਹਨੂੰ ਡੁੱਬ ਕੇ ਪਿਆਰ ਕਰਦੀ
ਤੇ ਇਹ ਪਿਆਰ ਬਿਨ-ਪੈਰਾਂ ਤੇ ਅੱਖੋਂ ਅੰਨ੍ਹਾ ਸੀ
ਭੋਲੀ ਅਣਪੜ੍ਹ ਮਾਂ ਨੂੰ ਕੀ ਪਤਾ ਸੀ
ਕਿ ਉਹ ਡੁਲੂੰ ਡੁਲੂੰ ਲੋਰੀਆਂ ਦੀ ਲੱਪ ਭਰਕੇ
ਜਦ ਵੀ ਤੁਰੇਗੀ ਤਾਂ ਠੋਹਕਰ ਖਾ ਕੇ ਡਿੱਗੇਗੀ
ਮਾਂ ਜਿਹੜੀ ਪੁੱਤ ਨੂੰ ਏਨਾਂ ਹਿੱਕ ਨਾਲ ਘੱਟਦੀ
ਤੇ ਭੁੱਲ ਜਾਂਦੀ ਕਿ ਉਹਦਾ ਲਾਲ
ਦਮ-ਘੁੱਟ ਕੇ ਤ੍ਰੇਲੀਓ ਤ੍ਰੇਲੀ ਹੋ ਗਿਆ ਹੈ
ਮਾਂ ਜਿਸਨੂੰ ਪੁੱਤ ਵਿਆਹੁਣ ਦੀ
ਤੇ ਜੜ੍ਹ ਲਾਉਣ ਦੀ
ਐਵੇਂ ਝੱਲੀ ਜਿਹੀ ਖੋਹ ਰਹਿੰਦੀ ਸੀ
ਤੇ ਇਹ ਖੋਹ
ਪੁੱਤ ਦੀਆਂ ਪਾਤਲੀਆਂ ਦਾ ਸੇਕ ਬਣ ਗਈ
ਸ਼ਾਇਦ ਇਸੇ ਕਰਕੇ ਮਾਂ ਨਿਰਦੋਸ਼ ਹੁੰਦੀ ਵੀ
ਉਹਨੂੰ ਆਪਣੀ ਸਭ ਤੋਂ ਵੱਡੀ ਦੁਸ਼ਮਣ ਲਗਦੀ।
ਅਜੇ ਉਹਦੇ ਮੋਢੇ ਤੋਂ ਬਸਤਾ ਨਹੀਂ ਸੀ ਲਿਹਾ
ਕਿ ਹਵਨ 'ਚੋਂ ਨਿਕਲਦੀਆਂ ਲਾਟਾਂ ਸਨਮੁੱਖ ਸਹੁੰ-ਚੁੱਕ
ਮਹਿੰਦੀ ਰੰਗੇ ਹੱਥਾਂ ਵਾਲੀ, ਖਿਆਲਾਂ 'ਚ ਲਿਪਟੀ
ਇਕ ਚੁੱਪ-ਚਪੀਤੀ ਜਿਹੀ ਕੁੜੀ ਨੂੰ
ਉਸ ਵਿੰਗੀਆਂ ਕੜੀਆਂ ਵਾਲੀ
ਸਬਾਤ ਦੀ ਛੱਤ ਹੇਠਾਂ ਲਿਆ ਬਿਠਾਇਆ
ਉਹ ਜਿਹੜੀ ਪੂਰੇ ਪੈਂਤੀ ਅੱਖਰ ਵੀ ਨਹੀਂ ਸੀ ਜਾਣਦੀ
ਉਹ ਮਾਂ ਦੀ ਮਾਰੂ ਮਮਤਾ ਨੂੰ
ਤੇ ਉਹਦੇ ਆਪਣੇ ਮਨ 'ਚ ਉੱਡਦੀਆਂ
ਨਿੱਕੀਆਂ-ਨਿੱਕੀਆਂ ਫੰਗਾਂ ਦੀਆਂ ਉਡਾਰੀਆਂ ਨੂੰ
ਉਹਦੀ ਖਾਮੋਸ਼ੀ ਨੂੰ, ਉਹਦੀ ਸੁੱਕੀ ਅੱਖ ਨੂੰ
ਤੇ ਬੁੱਲ੍ਹਾਂ 'ਤੇ ਵਿਲਕਦੇ ਬੋਲਾਂ ਨੂੰ ਕਿਵੇਂ ਸਮਝਦੀ
ਉਹ ਜੀਹਦੀਆਂ ਅੱਖਾਂ ਦੇ ਪਾਣੀਆਂ ਵਿਚ
ਵਰਣਾਂ ਦੇ ਵਣਜਾਰੇ - 48