ਬਕੌਲ-ਕੁਲਵੰਤ ਨੀਲੀਆਂ ਅੱਖਾਂ ਵਾਲੀ
ਕੁੜੀ ਨੀਲ ਬਣਕੇ ਘੁਲ਼ ਗਈ।
ਇਸ ਕੁੜੀ ਨੂੰ ਉਹ ਬਾਰਾਂਦਰੀ 'ਚ ਉੱਗੇ
ਅਮਲਤਾਸਾਂ ਦੇ ਪਿੱਛੇ
ਜਾਂ ਕੱਚੀਆਂ ਕੰਧੋਲੀਆਂ ਕੋਲ ਦੀ
ਤੁਰੀ ਜਾਂਦੀ ਕੁੜੀ ਦੀ ਤੋਰ 'ਚੋਂ ਪਛਾਣਦਾ।
ਤੇ ਲੜ ਲਾਈ
ਵਿੰਗੀਆਂ ਕੜੀਆਂ ਵਾਲੀ ਸਬਾਤ ਦੀ ਛੱਤ ਹੇਠਾਂ
ਢਿਲਕਵੀਂ ਮੰਜੀ ਤੇ ਪਈ
ਬਸ ਢਿਲਕਦੀ ਹੀ ਗਈ
ਪੇਂਡੂ ਵਰਤ-ਵਰਤਾਰੇ 'ਚ ਵਿਚਰਦੀ ਉਹ ਕੁੜੀ
ਕਵੀ ਕਲਪਨਾ ਦੇ ਉੱਡਦੇ ਰੰਗ ਨਾ ਫੜ ਸਕੀ
ਬਸ ਕੱਚੀਆਂ ਕੰਧਾਂ ਦੇ ਘੇਰੇ 'ਚ
ਬਲਦਾ ਤੇ ਬੁਝਦਾ ਸਿਵਾ ਬਣ ਗਈ।
ਉਦੋਂ ਉਹ ਦਰਿਆ, ਦਰਿਆ ਨਹੀਂ ਸੀ ਰਿਹਾ
ਉਹਦੇ ਪਾਣੀ ਰੇਤ ਬਣ ਗਏ ਸਨ।
ਹੁਣ ਬੂਹੇ 'ਚ ਬਹਿ ਕੇ ਉਡੀਕਣ ਵਾਲਾ ਕੋਈ ਨਹੀਂ ਸੀ
ਸ਼ਗਨਾਂ ਦਾ ਗਾਨਾ ਫਿਰ ਬੱਝਿਆ
ਦਰਿਆ ਦੀਆਂ ਲਹਿਰਾਂ ਫਿਰ ਮਚਲ ਉੱਠੀਆਂ
ਉਹ ਬੜੇ ਸ਼ਾਂਤ ਕਿਨਾਰਿਆਂ ਜਿਹੀ ਕੁੜੀ
ਜਿਹੜੀ ਹਰ ਤੂਫ਼ਾਨੀ ਲਹਿਰ ਨੂੰ ਵੀ
ਹਿੱਕ ਨਾਲ ਲਾ ਕੇ ਠਾਰ ਦਿੰਦੀ
ਸ਼ਾਇਦ ਇਸੇ ਲਈ ਸਾਰੀਆਂ ਘੁੰਮਣ-ਘੇਰੀਆਂ
ਦਰਿਆ ਦਾ ਤਾਪ-ਸੰਤਾਪ
ਉਹਦੇ ਦਿਮਾਗ਼ ਵਿਚ ਸੁੰਗੜ ਕੇ ਬਹਿ ਗਿਆ
ਪਹਿਲਾਂ ਤੇ ਉਹਨੇ ਅੱਖਾਂ ਮੀਟੀਆਂ
ਤੇ ਫਿਰ ਉਮਰਾਂ ਦੇ ਦਾਅਵੇ ਕਰਨ ਵਾਲੀ
ਕਹਾਣੀ ਸੁਣਦੀ ਸੁਣਦੀ ਹੀ ਸੌਂ ਗਈ।
ਵਰਣਾਂ ਦੇ ਵਣਜਾਰੇ - 49