ਉਹ ਸਮਝਦੀ ਕਿ ਨੀਲ ਵਾਂਗੂੰ ਘੁਲ ਤਾਂ ਨਹੀਂ ਸਕੇਗੀ
ਪਰ ਉਹਦੀ ਹਰ ਬੂੰਦ ਸਵਾਂਤੀ ਹੈ
ਉਹ ਕਲਮ ਲਈ ਕੋਰਾ ਵਰਕਾ ਬਣ ਜਾਏਗੀ
ਜਿੱਥੇ ਉਹਦਾ ਦਰਿਆ ਵਗੇ
ਮਾਣ-ਮੱਤਾ ਹੋ ਕੇ ਵਗੇ
ਉਹ ਦਰਿਆ ਦੇ ਕਿਨਾਰੇ ਖੁਰਨ ਨਹੀਂ ਦੇਵੇਗੀ
'ਚਾਨਣ ਚਿੱਟੇ ਰਾਹ ਹਾਣੀਆ'
ਉਸ ਗੀਤ ਤਾਂ ਨਹੀਂ ਸੁਣਿਆ
ਪਰ ਹਾਣੀ ਲਈ ਰਾਹਾਂ ਦਾ
ਚਿੱਟਾ ਚਾਨਣ ਤਾਂ ਬਣ ਸਕੇਗੀ।
ਉਹਨੇ ਸੁੱਕੀ ਅੱਖ ਵਿਚ
ਸੁਰਮੇ ਦੀ ਸਲਾਈ ਪਾਈ
ਤੇ ਉਸ ਅੱਖ ਕੋਲੋਂ ਅੱਧੇ ਸੁਪਨੇ ਲੈ ਲਏ
ਉਹ ਆਖਦੀ ਹੈ:
'ਦਰਿਆ ਨੂੰ ਤੋਰਨ ਦਾ ਕੰਮ ਕਿਨਾਰਿਆਂ ਦਾ ਹੈ
ਤੇ ਮੇਰੀਆਂ ਬਾਹਾਂ ਤੇਰੇ ਲਈ ਕਿਨਾਰੇ ਹਨ।'
ਹੁਣ ਜਦੋਂ ਉਹ ਪਾਸਾ ਪਰਤ
ਬੀਤੇ ਵਰ੍ਹਿਆਂ ਨੂੰ ਵੇਖਦਾ
ਤਾਂ ਦੂਰ ਉਹਦੇ ਬਚਪਨ ਦੇ ਸਾਥੀ
ਜਿਹੜੇ ਉਹਦੀਆਂ ਕਹਾਣੀਆਂ 'ਚ
ਵਾਤਸੈਨ ਦੇ ਸ਼ਿਸ਼ ਬਣ
ਕਾਮ-ਸੂਤਰਾਂ ਦਾ ਅਲਾਪ ਕਰਦੇ ਰਹੇ
ਉਹਦੇ ਪਿੰਡ ਦੇ ਸੰਸਕਾਰ
ਮੱਥੇ ਦੀ ਧੂੜ ਬਣਦੇ ਰਹੇ
ਪਾਂਡੂ ਮਿੱਟੀ ਨਾਲ ਪੋਚੀਆਂ ਕੰਧਾਂ ਦੀ ਮਹਿਕ
ਹੋਠਾਂ ਤੇ ਲਰਜ਼ਦੇ ਗੀਤਾਂ ਵਿਚ ਸਮਾ ਗਈ
ਬੀਵੀਆਂ ਦਾ ਵਿਰਲਾਪ ਪੋਟਿਆਂ ਦੀ ਕੰਪਣ ਬਣ ਗਿਆ
ਧੀ ਦਾ ਫ਼ਿਕਰ ਅੱਖਾ ਦੁਆਲੇ
ਕਾਲਸ ਬਣਕੇ ਫੈਲ ਗਿਆ
ਦੋਸਤਾਂ ਦੀ ਦੋਸਤੀ ਦੇ ਕੌੜੇ ਘੱਟ
ਜੀਭ ਤੇ ਵਾਲੇ ਬਣ ਗਏ
ਵਰਣਾਂ ਦੇ ਵਣਜਾਰੇ - 52