ਸਮੱਗਰੀ 'ਤੇ ਜਾਓ

ਪੰਨਾ:ਵਰਣਾਂ ਦੇ ਵਣਜਾਰੇ - ਰਵਿੰਦਰ ਭੱਠਲ.pdf/56

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆ ਮੇਰੀ ਗੱਲ ਸੁਣ
ਅੱਜ ਬੱਚੂ ਬਾਪ ਨੂੰ ਮੁਖਾਤਬ ਹੈ
ਤੇ ਭੂਮਿਕਾ ਪੂਰੀ ਕਿਤਾਬ ਨੂੰ
ਕਿ ਆਪਾਂ ਨਿਆਣਿਆਂ ਵਾਂਗ
ਸਮੁੰਦਰ ਦੇ ਕਿਨਾਰੇ ਬੈਠ ਕੇ
ਘੋਗੇ ਸਿੱਪੀਆਂ 'ਕੱਠੀਆਂ ਨਹੀਂ ਕਰਨੀਆਂ
ਆਪਾਂ ਤਾਂ ਧੁਰ ਪਤਾਲ ਤਕ ਲਹਿ ਜਾਣਾ ਹੈ
ਆਪਾਂ ਸ਼ੂਕਦੀਆਂ ਲਹਿਰਾਂ ਦੇ
ਵੰਗਾਰਦੇ ਰਿਸ਼ਤੇ ਪ੍ਰਵਾਨ ਕਰਨੇ ਹਨ
ਆਪਾਂ ਹਥੇਲੀ 'ਤੇ ਦੀਵੇ ਰੱਖ ਕੇ ਨਹੀਂ
ਬਲਦੀਆਂ ਮਸ਼ਾਲਾਂ ਲੈ ਕੇ ਤੁਰਨਾ ਹੈ
ਤੇ ਡੁੱਬਦੇ ਹੋਏ ਸੂਰਜ ਦਾ
ਆਤਸ਼ੀ ਸੁਨੇਹਾ ਲੈ ਕੇ ਮੁੜਨਾ ਹੈ।

ਹੁਣ ਸਾਨੂੰ ਸਾਰਿਆਂ ਨੂੰ ਮਾਣ ਹੈ
ਤੇਰੀਆਂ ਦਰਜਨਾਂ ਹੀ ਮਸ਼ਾਲਾਂ
ਪਾਠਕਾਂ ਦੇ ਵਿਹੜਿਆਂ 'ਚ
ਰੋਸ਼ਨੀ ਦਾ ਪਰਚਮ ਲਹਿਰਾ ਰਹੀਆਂ ਹਨ।

ਮੈਨੂੰ ਪਤੈ!
ਤੂੰ ਉਡਣਾ ਚਾਹੁੰਨਾ ਏਂ, ਬੜਾ ਉੱਚਾ
ਉਹ ਮਸਤ ਹਾਥੀਆਂ ਵਾਂਗ ਝੂਲਦੇ
ਬੱਦਲਾਂ ਤੋਂ ਵੀ ਪਰ੍ਹਾਂ
ਪਰ ਬਿਨ ਖੰਭਾਂ ਤੋਂ ਕਿਵੇਂ ਉੱਡੇਂਗਾ
ਤਾਰੇ ਤੋੜਣ ਲਈ ਕਲਪਣਾ ਹੀ ਕਾਫ਼ੀ ਨਹੀਂ
ਮਿੱਤਰਾ ਬਲ ਵੀ ਚਾਹੀਦਾ
ਪਰ ਨਿਰੇ ਪੱਟਾਂ ਦੀਆਂ ਕੁਕੜੀਆਂ ਤੇ ਛਾਪੇ ਮੋਰ
ਨਿਰਾ ਛਾਤੀ 'ਚ ਬਲਦਾ ਲਾਵਾ
ਨਿਰੇ ਚੰਗਿਆੜਿਆਂ ਵਾਂਗ ਝੜਦੇ ਬੋਲ
ਤੇ ਅੱਖ ਦਾ ਮਣੀ ਵਾਂਗ ਲਿਸ਼ਕਦੇ ਹੋਣਾ
ਤੈਨੂੰ ਸ਼ਬਦਾਂ ਦੀ ਸਲਤਨਤ ਨਹੀਂ ਸੌਂਪ ਸਕਦਾ
ਤੈਨੂੰ ਅਦੀਬਾਂ ਦਾ ਆਲਮਗੀਰ ਨਹੀਂ ਬਣਾ ਸਕਦਾ।

ਵਰਣਾਂ ਦੇ ਵਣਜਾਰੇ - 56