ਸਮੱਗਰੀ 'ਤੇ ਜਾਓ

ਪੰਨਾ:ਵਰਣਾਂ ਦੇ ਵਣਜਾਰੇ - ਰਵਿੰਦਰ ਭੱਠਲ.pdf/60

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਹ ਅਭਿਲਾਸ਼ੀ ਹੈ
ਮਾਨਵਤਾ ਦੀ ਸੁੰਦਰ ਦਿੱਖ ਦਾ
ਤਦੇ ਉਸ ਦੀ ਹਰ ਸਤਰ ਵਿਚ
ਮੁਹੱਬਤ ਦੀਆਂ ਸ਼ਹਿਦ-ਬੂੰਦਾਂ ਹਨ
ਤੇ ਉਹ ਬੂੰਦ-ਬੂੰਦ ਬਰਸ ਜਾਣਾ ਚਾਹੁੰਦਾ ਹੈ।

ਉਸ 'ਕੋਰਾ ਕਾਗਜ਼' ਵਿਸਾਰਨ ਦੀ ਕੋਸ਼ਿਸ਼ ਕੀਤੀ
ਹਰ ਵਾਰ ਕੋਸ਼ਿਸ਼ ਫੇਲ੍ਹ ਸਾਬਤ ਹੋਈ
ਫਿਰ ਅੱਖਰਾਂ ਨੇ ਉਸ ਗਿਰਦ ਝੁਰਮਟ ਪਾ ਲਿਆ
ਡਾਰ ਬੰਨ੍ਹ ਉਹਨਾਂ ਉਡਾਣਾਂ ਭਰੀਆਂ
ਜੰਗਲ ਪਹਾੜ ਗਾਹੇ
ਰੋਤ ਥਲਾਂ 'ਤੇ ਪੈੜਾਂ ਪਾਈਆਂ
ਡੂੰਘੀਆਂ, ਛੁਪੀਆਂ, ਅਣਦਿਸਦੀਆਂ ਤੈਹਾਂ ਫਰੋਲੀਆਂ
ਉਸਨੂੰ ਕਹਾਣੀਆਂ ਉੱਡਦੀਆਂ
ਦੁਆਲੇ ਗੇੜੇ ਕੱਢਦੀਆਂ
ਰਾਤਾਂ ਨੂੰ ਸੁਪਨਿਆਂ 'ਚ ਆਉਂਦੀਆਂ
ਰੁੱਖਾਂ ਪੱਥਰਾਂ 'ਚ ਸਾਹ ਲੈਂਦੀਆਂ ਪ੍ਰਤੀਤ ਹੋਈਆਂ
ਜਦੋਂ ਤਕ ਵਾਹ ਨਾ ਲੈਂਦਾ ਕੋਰੇ ਕਾਗਜ਼ 'ਤੇ
ਰਤੀ ਭਰ ਵੀ ਚੈਨ ਨਾ ਆਉਂਦਾ ਉਸ ਨੂੰ।

ਉਸਦੇ ਸੁਭਾ 'ਚ ਸਹਿਜਤਾ ਤੇ ਸਾਦਗੀ
ਮਾਸੂਮੀਅਤ ਦੇ ਨਿੱਕੇ ਨਿੱਕੇ ਝਲਕਾਰੇ ਨੇ
ਜਿੱਥੇ ਕਾਗਜ਼ ਦੇ ਸਿੱਕੇ ਵੀ ਚਲਦੇ ਰਹੇ
ਇਹ ਮਾਸੂਮੀਅਤ ਹੀ ਸੀ ਕਿ ਬਾਲਮਨ ਨੂੰ
ਕਿਤਾਬਾਂ ਸੰਗ ਮੋਹ ਪਿਆ
ਲਕੀਰਾਂ ਵਾਹੁਣ ਲੱਗਾ
ਇਹ ਉਹ ਗੁੜ੍ਹਤੀ ਸੀ ਕਿ
ਬਾਲ-ਅਵੱਸਥਾ 'ਚ ਸੁਣੀਆਂ
ਕਹਾਣੀਆਂ ਉਸਨੂੰ ਖੰਭ ਦਿੱਤੇ
ਇਹਨਾਂ ਖੰਭਾਂ ਸਦਕਾ ਹੀ ਉਹ ਕਦੇ ਕਦੇ
ਪਹਾੜਾਂ ਤੋਂ ਉੱਡ ਪਿੰਡ ਪਹੁੰਚ ਜਾਂਦਾ
ਬਚਪਨ ਦੀਆਂ ਯਾਦਾਂ ਦੀ ਪੈਂਦ ਤੇ ਬੈਠ
ਬਾਲ-ਕਹਾਣੀਆਂ, ਬਾਲ-ਨਾਵਲ ਲਿਖਣ ਬੈਠ ਜਾਂਦਾ

ਵਰਣਾਂ ਦੇ ਵਣਜਾਰੇ - 60