ਮਜਬੂਰੀਆਂ ਦੇ ਬੰਧਨ ਵਾਰ ਵਾਰ
ਉਸਦੀ ਕਲਮ ਦਾ ਰਾਹ ਰੋਕਦੇ ਰਹੇ
ਗਾਂਧੀ ਆਸ਼ਰਮ ਦੇ ਰੱਖੇ ਕਲਾਪੇ ਦਿਨ
ਫੌਜ਼ ਦਾ ਅਕਾਊ ਅਨੁਸਾਸ਼ਨੀ ਵਤੀਰਾ
ਇਹਨਾਂ ਸਮਿਆਂ 'ਚ
ਸੁਪਨੇ 'ਕੱਠੇ ਤਾਂ ਹੁੰਦੇ ਰਹੇ
ਪਰ ਉਸਦਾ ਹੀ ਜੇਰਾ ਸੀ
ਕਿ ਮਰਨ ਨਹੀਂ ਦਿੱਤੇ
ਇਹਨਾਂ ਵਕਤਾਂ 'ਚ ਵੀ
ਉਹ ਕਰਤਾਰੀ ਪਲਾਂ ਲਈ
ਸਹਿਕਦਾ, ਤੜਫਦਾ, ਬੇਚੈਨ ਹੁੰਦਾ
ਏਕਾਂਤ ਚਾਹੁੰਦਾ ਸੁੰਨ-ਸਰਾਂ ਥਾਂ ਲੱਭਦਾ
ਹਨ੍ਹਰੇ ਦੀ ਭਾਲ ਕਰਦਾ
ਇਹ ਸਬਰ ਦਾ ਘੁੱਟ
ਉਹਦੇ ਪਾਤਰ ਵੀ ਭਰਦੇ ਨੇ
ਉਹ ਗੱਲਾਂ ਤਾਂ ਕਰਦੇ
ਜੰਗਾਲੇ ਜੀਵਨ ਤੋਂ ਸੁਖਾਲੇ ਹੋਣ ਦੀਆਂ
ਪਰ ਬਗ਼ਾਵਤ ਦੇ ਰਾਹ ਨਹੀਂ ਤੁਰਦੇ।
ਜਸਬੀਰ ਨਿਰੋਲ ਸੈਨਿਕੀ ਜੀਵਨ ਦਾ
ਨਿਰਾ ਚਿਤੇਰਾ ਹੀ ਨਹੀਂ
ਫ਼ਿਲਮੀ ਜੀਵਨ ਦੀਆਂ ਜਗਮਗਾਉਂਦੀਆਂ ਰਾਤਾਂ ਦਾ
ਚਿਤਰ ਲੈਂਦਾ ਹੈ ਕਾਲਖੀ ਚਿਹਰਾ ਵੀ
ਉਹ ਜਾਣਦਾ ਹੈ ਕਿ ਤੂਲਿਕਾ ਉਦੋਂ ਹੀ
ਨੈਣ-ਨਕਸ਼ਾਂ 'ਚ ਬਦਲ ਦਿੰਦੀ ਹੈ ਰੰਗਾਂ ਨੂੰ
ਜਦ ਹੱਥਾਂ ਦੇ ਪੋਟਿਆਂ 'ਚ ਤਲਿਸਮ ਹੋਵੇ
ਨੈਣਾਂ 'ਚ ਸੁਪਨਿਆਂ ਦੀਆਂ ਲਕੀਰਾਂ ਹੋਣ
ਸ਼ਾਇਦ ਇਹੀ ਬਖਸ਼ਿਸ਼ ਹੈ ਉਸਨੂੰ
ਕਿ ਗਵਾਹੀ ਭਰਦੇ ਨੇ ਘਰ ਦੀਆਂ
ਕੰਧਾਂ 'ਤੇ ਲਟਕਦੇ ਚਿੱਤਰ ਵੀ।
ਵਰਣਾਂ ਦੇ ਵਣਜਾਰੇ - 62