ਜਦੋਂ ਕੇਂਦਰੀ ਲੇਖਕ ਸਭਾ ਵਿਚ ਵਖਰੇਵਾਂ ਪਿਆ
ਤਾਂ ਉਸਦੀ ਜੁਗਤ ਜਾਂ ਦਲੇਰੀ ਹੀ ਸੀ
ਕਿ ਸੇਖੋਂ ਤੇ ਕੰਵਲ ਹੁਰਾਂ ਨੂੰ ਮੂਹਰੇ ਲਾ
ਸਾਬਤ ਕਰਕੇ ਦਿਖਾ ਦਿੱਤਾ
ਉਹ ਸਿਰਜਣਹਾਰ ਵੀ ਹੈ, ਸੰਵਾਰਨਹਾਰ ਵੀ
ਕਰਤਾ-ਧਰਤਾ ਵੀ ਹੈ ਤੇ ਪ੍ਰਚਾਰਕ ਵੀ।
ਕਦੇ ਉਸ ਕੋਲ ਸਮਾਂ ਹੁੰਦੈ, ਵਿਹਲ ਵਰਗਾ
ਕਦੇ ਉੱਕਾ ਹੀ ਨਹੀਂ, ਨਿਰਾ ਰੁਝੇਵੇਂ ਤੇ ਰੁਝੇਵਾਂ
ਦੋਵੇਂ ਅਵੱਸਥਾਵਾਂ 'ਚ ਮਹਿਸੂਸ ਕਰੋਗੇ
ਉਸਦੀ ਤੋਰ 'ਚ ਕੋਈ ਫ਼ਰਕ ਨਹੀਂ ਹੁੰਦਾ
ਸ਼ਾਇਦ ਉਸਦੀ ਫਿਰਤੂ-ਪ੍ਰਤਿਭਾ ਦੀ
ਇਹ ਕੋਈ ਖਾਸ ਮਜਬੂਰੀ ਹੀ ਹੋਵੇ
ਜੋ ਉਸ 'ਚ ਟਿਕਾਅ ਨਹੀਂ ਆਉਣ ਦਿੰਦੀ
ਉਹ ਕਾਬਿਲੇ ਤਾਰੀਫ਼ ਪੱਤਰਕਾਰ ਰਿਹਾ, ਹੈ ਵੀ
ਜਿਸਨੇ ਕਲਮ ਦੇ ਕਰਮ ਤੇ ਮਰਿਆਦਾ ਨੂੰ
ਕਦੇ ਪੀਲੇ ਰੰਗ 'ਚ ਨਹੀਂ ਰੰਗਿਆ
ਹੁਣ ਭਾਵੇਂ ਉਸਦੀ ਰਫ਼ਤਾਰ ਉਹ ਨਹੀਂ ਰਹੀ
ਪਰ ਝੱਸ ਪੂਰਾ ਕਰ ਹੀ ਲੈਂਦਾ ਹੈ
'ਸਮਾਜ ਤੇ ਪੱਤਰਕਾਰ' ਦਾ ਮੁੱਖ-ਸੰਪਾਦਕ ਬਣਕੇ।
ਉਹ ਜਦੋਂ ਮੰਚ 'ਤੇ ਖਲੋਤਾ
ਆਪਣੇ ਹੀ ਅੰਦਾਜ਼ ਵਿਚ ਬੋਲਦਾ ਹੈ
ਉਦੋਂ ਝੂਠ ਨੂੰ ਸੱਚ ਤੇ ਸੱਚ ਨੂੰ ਝੂਠ 'ਚ
ਤਬਦੀਲ ਕਰਨ ਦੀ ਤਦਬੀਰ ਦਾ ਮਾਹਰ ਲਗਦੈ
ਤੇ ਸਰੋਤਿਆਂ ਦੀ ਸੁਰਤੀ ਨੂੰ
ਐਸਾ ਧੋਬੀ ਪਟਕਾ ਦਿੰਦਾ ਹੈ
ਜੋ ਬਿਟ ਬਿਟ ਤਕਦੇ
ਸੋਚਦੇ ਹੀ ਰਹਿ ਜਾਂਦੇ ਨੇ
ਤੇ ਉਹਨਾਂ ਦੀ ਮੂਕ-ਤੱਕਣੀ
ਉਹਦੇ ਬੋਲਾਂ ਦੀ ਹਾਮੀ ਭਰ ਬੈਠਦੀ
ਤੇ ਉਹ ਆਪ ਕੋਈ ਜਾਦੂਗਰ
ਜਾਂ ਫੁਰਨਿਆਂ ਦਾ ਆਤਸ਼ਬਾਜ਼ ਲਗਦਾ ਹੈ
ਵਰਣਾਂ ਦੇ ਵਣਜਾਰੇ - 68