ਹੁਣ ਉਹ ਪਤਾ ਨਹੀਂ ਕਿਥੇ ਰਹਿੰਦਾ ਹੈ
ਪਿੰਡ, ਪਟਿਆਲੇ ਜਾਂ ਸੁਖਣਾ ਝੀਲ ਦੇ ਕਿਨਾਰੇ
ਜਾਂ ਸਤਾਰਾਂ ਸੈਕਟਰ ਦੀ ਭੀੜ 'ਚ
ਕਿਤੇ ਗ਼ਾਇਬ ਹੈ
ਜਾਂ ਪੰਛੀ ਬਣ ਕੇ ਉੱਡ ਗਿਐ
ਕਿਉਂਕਿ 'ਪੰਛੀ' ਸ਼ਬਦ ਉਹਦੇ ਮੂੰਹੋਂ
ਅਕਸਰ ਬੜਾ ਸੋਹਣਾ ਲੱਗਦਾ ਸੀ।
ਜਦੋਂ ਕਿਤੇ ਹਵਾ ਵਗਦੀ ਏ
ਇਮਲੀ ਵਾਲੇ ਡੇਰੇ ਦਾ ਬੂਹਾ ਖੜਕਦਾ ਹੈ
"ਕਿੱਥੋਂ ਆਇਐਂ ਮਲੰਗਾ"
ਸਾਧ ਬੰਦ ਬੂਹੇ ਨੂੰ ਹੀ ਪੁੱਛ ਬੈਠਦਾ ਹੈ
ਕੰਧ 'ਤੇ ਲੱਗੀ ਉਹਦੀ ਤਸਵੀਰ
(ਬਾਕੀ ਸਭ ਤਸਵੀਰਾਂ ਤਾਂ ਪੁੱਠੀਆਂ ਹਨ)
ਆਪਣੇ ਆਪ ਨੂੰ ਪੁੱਛਦੀ ਏ
ਇਹ ਚਾਹ ਦੀ ਪਤੀਲੀ ਕਈ ਦਿਨਾਂ ਤੋਂ
ਉਏ ਤੈਂ ਸਾਫ਼ ਕਿਉਂ ਨਹੀਂ ਕੀਤੀ?'
ਉਹ ਜੋ ਵੀ ਸੀ
ਪਰ ਉਹ ਇਕ ਹਾਸਲ ਸੀ
ਲੋਕ ਹਿਤੂ, ਬੁਲੰਦ ਅਵਾਜ਼ ਦਾ
ਸੁੱਚੀਆਂ ਕਦਰਾਂ-ਕੀਮਤਾਂ ਦਾ
ਪੇਂਡੂ ਰਹਿਤਲ ਦੀਆਂ ਪਰਤਾਂ ਦਾ
ਦੋਸਤੀ ਦੇ ਸਿਰਨਾਵੇਂ ਦਾ।
ਉਹ ਅਕਸਰ ਕਹਿੰਦਾ ਸੀ:
ਆਪਣੀਆਂ ਜੜ੍ਹਾਂ ਤਾਂ ਦੋਸਤੋ
ਆਪਣੀ ਹੀ ਮਿੱਟੀ ਵਿਚ ਲੱਗਦੀਆਂ ਨੇ
ਹੁਣ ਪਤਾ ਨਹੀਂ ਕਿਸੇ ਕਾਹਨੇ-ਕੇ
ਧੂਰਕੋਟ, ਰੂੜੇ ਕੇ, ਬਦਰੇ ਦੀ ਜੂਹ 'ਚ
ਉਹ ਫਿਰ ਆਪਣੀ ਮਿੱਟੀ
ਭਾਲਣ ਤੁਰ ਗਿਆ ਹੋਵੇ।
●●●●●
ਵਰਣਾਂ ਦੇ ਵਣਜਾਰੇ - 75