ਇਹ ਵਰਕਾ ਤਸਦੀਕ ਕੀਤਾ ਗਿਆ ਏ
ਜਿਉਣੇ ਮੌੜ ਦੀ ਰੂਹ
(ਤੇਜਵੰਤ ਮਾਨ)
ਉਹਦੀਆਂ ਅੱਖਾਂ ਵਿਚ
ਤਪਦੇ ਟਿੱਬਿਆਂ ਦੀ ਕੱਕੀ ਰੇਤ ਰੜਕਦੀ
ਤੇ ਉਹਦੇ ਸਾਹਾਂ ਵਿਚ
ਕੱਲਰਾਂ 'ਚ ਉੱਡਦੇ
ਵਾ-ਵਰੋਲਿਆ ਦਾ ਵੇਗ ਹੈ।
ਉਹਦਾ ਮੱਥਾ
ਸੂਰਜੀ-ਹੰਕਾਰ ਨਾਲ ਭਰਿਆ
ਉਹਦੇ ਹੱਥ ਹੱਕ-ਸੱਚ ਦੀ ਲੜਾਈ ਦੇ
ਸੰਘਰਸ਼ੀ ਯੁੱਧਾਂ 'ਚ ਝੂਲਦੇ ਅਨੋਖੇ ਪਰਚਮ
ਤੇ ਬੋਲ ਭਖ਼ਦਾ ਮੈਦਾਨ ਹਨ।
ਉਹ ਮਾਣ-ਮੱਤਿਆ
ਦੋਸਤੀ ਦੀ ਦਸੂਤੀ 'ਤੇ ਕੱਢਿਆ
ਅਜਿਹਾ ਮਲਾਗੀਰੀ ਫੁੱਲ ਹੈ
ਜਿਸਦੇ ਰੰਗ ਕਦੇ ਮੱਧਮ ਨਹੀਂ ਪੈਂਦੇ।
ਉਹ ਰਿਸ਼ਤਿਆਂ ਦੀ
ਅਜਿਹੀ ਸੂਹੀ ਪੁਸ਼ਾਕ ਹੈ
ਜਿਸਨੂੰ ਲਾਹੁਣ ਨੂੰ
ਕਦੇ ਚਿੱਤ ਨਹੀਂ ਕਰਦਾ।
'ਤੇ ਕਰਮ ਦੀ ਅਜਿਹੀ ਪਗਡੰਡੀ
ਜੋ ਵਗਣੋਂ ਕਦੇ ਨਹੀਂ ਰੁਕਦੀ।
ਵਰਣਾਂ ਦੇ ਵਣਜਾਰੇ - 80