ਉਹਦਾ ਦਿਲ ਤਾਂ ਸਾਫ਼ ਸੁਥਰਾ
ਮਿੱਤਰੀ ਮੁਹੱਬਤ ਨਾਲ ਲਬੋ-ਲਬ
ਨਿਧੜਕ, ਬੇਖੌਫ਼, ਖੜਕਦੇ ਲੱਠੇ ਵਰਗਾ
ਜੋ ਜੀਵਨ ਦੇ ਔਖੇ ਸਮਿਆਂ 'ਚ ਵੀ
ਥਿੜਕਿਆ ਨਹੀਂ, ਡਿੱਗਿਆ ਨਹੀਂ
ਸਗੋਂ ਦੂਣ ਸਵਾਈ ਚੜ੍ਹਦੀ ਕਲਾ 'ਚ ਰਿਹਾ
ਉਹ ਨਿਰੋਲ ਪਿੰਡ ਦਾਨਗੜ੍ਹ ਦੀ ਹੀ ਨਹੀਂ
ਮਾਲਵੇ ਦੀ ਜਿਉਂਦੀ ਜਾਗਦੀ ਰੂਹ ਸੀ।
ਉਹਦੀ ਰਚਨਾ ਵਰਤਮਾਨ ਹੁੰਦੀ ਵੀ
ਸਮੂਹ ਸਮਿਆਂ ਦੀ ਧਾਰਨੀ
ਹੱਡ-ਬੀਤੀਆਂ ਦੀ ਸਵੈ-ਗਾਥਾ
ਨੋਕ-ਝੋਕ ਤੇ ਵਿਅੰਗੀ ਤਾਸੀਰ ਜਿਹੀ
ਬਲਦ ਦੇ ਪੁੜਿਆਂ ਤੇ ਲੱਗੀ ਆਰ ਵਰਗੀ
ਹੱਕ-ਸੱਚ ਦੀ ਗਵਾਹ ਬਣਦੀ
ਲੋਕ-ਪੱਧਰ 'ਤੇ ਵਿਚਰਦੀ
ਨੰਗੇਜ਼, ਲਚਰਤਾ ਤੋਂ ਕੋਹਾਂ ਪਰ੍ਹੇ
ਜ਼ਿੰਦਗੀ ਦੇ ਕੌੜੇ ਸੱਚ ਵਰਗੀ ਹੈ।
ਉਹ ਕਿੰਨੀਆਂ ਹੀ ਸਭਾਵਾਂ ਦਾ ਪ੍ਰਧਾਨ ਬਣ
ਨਵ-ਯੁਵਕਾਂ ਦੀ ਕੋਰੀ ਹਿੱਕ 'ਤੇ
ਸਾਹਿਤਕ ਚੇਟਕ ਦੇ ਬੀ ਬੀਜਦਾ ਰਿਹਾ
ਸਾਹਿਤਕ ਮਹਿਫ਼ਲਾਂ 'ਚ ਅਕਸਰ ਉਹ
ਨਵੇਂ ਰਚਨਕਾਰਾਂ ਦੀਆਂ ਰਚਨਾਵਾਂ ਵਿਚਲੀਆਂ
ਗ਼ਲਤੀਆਂ ਦੱਸਣ ਤੋਂ ਝਿਜਕਦਾ ਨਹੀਂ ਸੀ।
ਗੁਰੂ ਘਰਾਂ ਦੇ ਬਹੁ-ਗਿਣਤੀ ਪਾਠੀ
ਉਸਨੂੰ ਬਾਣੀ ਤੋਂ ਬੇਮੁੱਖ, ਅਨਪੜ੍ਹ ਜਾਪਦੇ
ਸ਼ੁੱਧ ਉਚਾਰਣ ਤੋਂ ਊਣੇ
ਸਹੀ ਅਰਥ ਜਾਣਨ ਤੋਂ ਵਿਹੂਣੇ ਲਗਦੇ
ਉਹ ਪੂਰਾ ਚੇਤਨ ਸੀ
ਗੁਰਮੁੱਖੀ ਦੇ ਸ਼ਬਦ-ਜੋੜਾਂ ਪ੍ਰਤੀ
ਥਾਂ ਥਾਂ ਜਾ ਕੇ ਟੋਕਣ ਤੋਂ ਵੀ
ਵਰਣਾਂ ਦੇ ਵਣਜਾਰੇ - 90