ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਉਹ ਜਿਥੇ ਜੰਮੀ ਪਲੀ
ਉਥੇ ਸਦਾ ਸ਼ਬਦਾਂ ਦੇ ਹਿੱਸੇ
ਦਰੁਸਤ ਹੁੰਦੇ ਰਹੇ
ਤੇ ਸ਼ਾਇਦ ਇਸੇ ਲਈ
ਉਹ ਆਪਣੇ ਆਲੇ ਦੁਆਲੇ
ਬੇਤਰਤੀਬੇ ਨੂੰ ਤਰਤੀਬ ਦੇਣ 'ਚ ਰੁੱਝੀ ਹੈ
ਅਡੋਲ, ਅਟੱਲ, ਅਣਥੱਕ।
ਬੜੇ ਨਾਨਕ ਵਾਹ ਲਾ ਥੱਕੇ
ਪਰ ਉਹਦੇ ਮਨ ਦਾ ਮੌਕਾ ਨਹੀਂ ਫਿਰਿਆ
ਤੇ ਮੇਰਾ ਜੀਅ ਕਰਦਾ ਹੈ
ਮੈਂ ਉਹਨੂੰ ਹਿਮਾਲਾ ਕਹਾਂ
ਐਵੇਂ ਫ਼ਜ਼ੂਲ, ਬੇਥਾਹ, ਜ਼ਿੱਦੀ
ਘੁਮੰਡੀ, ਆਫ਼ਰਿਆ ਹੋਇਆ
ਪਰ ਫਿਰ ਪਤਾ ਲੱਗਦੈ
ਕਿ ਉਹ ਤਾਂ ਬਰਫ਼ ਹੈ
ਸੀਤ ਨਰਮ ਜਿਹੀ
ਐਵੇਂ ਪਾਣੀ ਬਣ ਬਣ ਕੇ
ਤਪਦੇ ਹਿਰਦਿਆਂ ਵਿਚ ਵਹਿਣ ਵਾਲੀ
ਉਹਦੀ ਬੁੱਕਲ ਵਿਚ
ਲਹਿਰਾਂ ਦਾ ਸੰਗੀਤ ਵੀ ਹੈ
ਤੇ ਕਿਨਾਰਿਆਂ ਦਾ ਨਿਯੰਤ੍ਰਣ ਵੀ।
ਮੈਂ ਉਹਨੂੰ ਬਹੁਤ ਘੱਟ ਜਾਣਦਾ ਹਾਂ
ਪਰ ਜੋ ਜਾਣਦਾ ਹਾਂ
ਉਹ ਸਭ ਝੂਠ
ਜੋ ਨਹੀਂ ਜਾਣਦਾ, ਉਹ ਸਭ ਸੱਚ ਹੈ।
ਵਰਣਾਂ ਦੇ ਵਣਜਾਰੇ - 95