ਪੰਨਾ:ਵਰ ਤੇ ਸਰਾਪ.pdf/121

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੁੱਢਾ ਕਾਰਪਰਲ ਇਕ ਪਲ ਲਈ ਰੁਕਦਾ ਹੈ। ਕਹਿਰ ਭਰੀਆਂ ਅੱਖਾਂ ਨਾਲ ਲੈਫ਼ਟੀਨੈਂਟ ਸਿੰਘ ਵਲ ਵੇਖਦਾ ਹੈ। ਫਿਰ ਇਕ ਝਟਕੇ ਨਾਲ ਆਪਣਾ ਪਸਤੋਲ ਕਢਦਾ ਹੈ। ਕਾਇਰਾਂ ਵਾਂਗ ਉਸ ਦੇ ਹਥ ਕੰਬਦੇ ਹਨ। ਉਹ ਪਸਤੋਲ ਨੂੰ ਦੋ ਹੱਥਾਂ ਵਿਚ ਫੜ ਕੇ ਨਾਲੀ ਲੈਫ਼ਟੀਨੈਂਟ ਸਿੰਘ ਵਲ ਕਰਦਾ ਹੈ। ਮੁਕਤ ਹੋਈ ਬਦੇਸ਼ੀ ਯੁਵਤੀ ਚੀਕ ਕੇ ਇਕ ਦੰਮ ਲੈਫ਼ਟੀਨੈਂਟ ਸਿੰਘ ਦੇ ਅਗੇ ਆ ਖਲੋਂਦੀ ਹੈ। ਉਸ ਨੂੰ ਗੋਲੀ ਲਗਦੀ ਹੈ ਤੇ ਪਲ ਵਿਚ ਲੈਫ਼ਟੀਨੈਂਟ ਸਿੰਘ ਦਿਆਂ ਕਦਮਾਂ ਵਿਚ ਢੇਰ ਹੋ ਜਾਂਦੀ ਹੈ। ਲੈਫ਼ਟੀਨੈਂਟ ਸਿੰਘ ਉਸ ਤੇ ਝੁਕ ਜਾਂਦੇ ਹਨ। ਉਸ ਦੀਆਂ ਅੱਖੀਆਂ ਬਿਟ ਬਿਟ ਲੈਫ਼ਟੀਨੈਂਟ ਸਿੰਘ ਵਲ ਵੇਖਦੀਆਂ ਰਹਿੰਦੀਆਂ ਹਨ। ਉਸ ਦੇ ਬੁਲ੍ਹ ਫੜ ਫੜਾਂਦੇ ਹਨ। ਉਹ ਕੁਝ ਹੌਲੀ ਹੌਲੀ ਕਹਿੰਦੀ ਪਰਤੀਤ ਹੁੰਦੀ ਹੈ, ਧੀਮੇ ਤੇ ਓਪਰੇ ਲਹਿਜੇ ਵਿਚ। ਜਿਵੇਂ ਕਹਿ ਰਹੀ ਹੋਵੇ "ਮੇਰੇ ਦੇਵਤਾ! ਮੇਰੇ ਬੁਧ!"

* * * ***

ਅਜ ਜੰਗ ਮੁਕ ਗਈ ਹੈ। ਬਰਮਾ ਦੇਸ਼ ਸੁਤੰਤਰ ਹੋ ਗਿਆ ਹੈ। ਸੀਗਾਂਗ ਇਕ ਵਾਰੀ ਫੇਰ ਵਸ ਗਿਆ ਹੈ ਉਹ ਧਾਨ ਤੇ ਪੰਛੀ ਦੀ ਬੜੀ ਵੱਡੀ ਮੰਡੀ ਹੈ। ਸੀਗਾਂਗ ਦਾ ਪੈਗੋਡਾ ਪਹਿਲਾਂ ਨਾਲੋਂ ਵੀ ਵਧੇਰੇ ਸ਼ਾਨਦਾਰ ਹੈ। ਮਹਾਤਮਾ ਬੁਧ ਦੀ ਵਡੀ ਤੇ ਜੜਾਉ ਮੂਰਤੀ ਪਹਿਲਾਂ ਵਾਂਗ ਪੈਗੋਡਾ ਦੇ ਮਧ ਵਿਚ ਸਥਾਪਿਤ ਹੈ। ਉਨ੍ਹਾਂ ਦਿਆਂ ਬੁਲ੍ਹਾਂ ਦੀ ਮੁਸਕਾਨ, ਉਸ ਵਦੇਸ਼ੀ ਕੁੜੀ ਦਿਆਂ ਬੁਲ੍ਹਾਂ ਦੀ ਮੁਸਕਾਨ ਨਾਲ ਮਿਲਦੀ ਪਰਤੀਤ ਹੁੰਦੀ ਹੈ ਜਿਸ ਨੂੰ ਲੈਫ਼ਟੀਨੈਂਟ ਸਿੰਘ ਦੇ ਹਿਰਦੇ ਵਿਚ ਗੋਤਮ ਬੁਧ ਜਿੱਡੀ ਦਇਆ ਪਰਤੀਤ ਹੋਈ ਸੀ।

ਵਰ ਤੇ ਸਰਾਪ

੧੨੭.