ਪੰਨਾ:ਵਰ ਤੇ ਸਰਾਪ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਹਾਰ ਵਿਚ ਇਕ ਅਜੀਬ ਕਿਸਮ ਦੀ ਬੇਕੱਸੀ ਸੀ। ਇਕ ਅਕਹਿ ਦਰਦ ਜਿਸ ਨੂੰ ਸ਼ੇਰ ਸਿੰਘ ਕਦੀ ਵੀ ਨਹੀਂ ਸੀ ਜਾਣ ਸਕਦਾ।
ਮੰਨਸਾ ਮਾਲੀ ਸੀ ਤੇ ਸਖਤ ਕੰਮ ਕਰਨ ਦਾ ਆਦੀ। ਉਹ ਮੁਸੀਬਤਾਂ ਸਹਾਰਨ ਜਾਣਦਾ ਸੀ। ਸ਼ੇਰ ਸਿੰਘ ਮੰਨਸਾ ਜਿਨਾ ਕੰਮ ਨਹੀਂ ਸੀ ਕਰ ਸਕਦਾ।
ਸਗੋਂ ਉਸ ਦੇ ਖ਼ਿਆਲ ਅਨੁਸਾਰ ਉਹ ਐਵੇਂ ਸਵੇਰੇ ਉਠ ਕੇ ਦੋ ਕੁ ਪੈਸਿਆਂ ਦੇ ਕੌੜੇ ਤੇਲ ਦਾ ਸਤਿਆਨਾਸ ਕਰਦਾ ਸੀ। ਬਗੀਚੀ ਵਿਚ ਡੰਡ ਬੈਠਕਾਂ ਲਾਉਂਦਾ ਸੀ। ਆਪਣੀ ਕਰੜ ਬਰੜੀ ਦਾੜ੍ਹੀ ਦੀਆਂ ਫ਼ੌਜੀ ਤਰੀਕੇ ਨਾਲ ਮੁਸ਼ਕਾਂ ਕਸਦਾ ਸੀ। ਦਿਨ ਭਰ ਜਮਾਦਾਰਨੀ ਨਾਲ ਵਾਹਿਯਾਤ ਮਖੌਲ ਕਰਦਾ ਰਹਿੰਦਾ ਸੀ ਯਾ ਮੰਨਸਾ ਤੇ ਰੁਅਬ ਗਠਾਂਦਾ ਰਹਿੰਦਾ ਸੀ। ਪਰ ਇਹ ਗੱਲਾਂ ਜਾਣਦਿਆਂ ਹੋਇਆਂ ਵੀ ਮੰਨਸਾ ਸ਼ੇਰ ਸਿੰਘ ਤੋਂ ਝੀਂਪਦਾ ਤੇ ਉਸ ਦੀ ਉੱਚੀ ਨੀਵੀਂ ਸੁਣਦਾ। ਸ਼ਾਮ ਨੂੰ ਜਦੋਂ ਸ਼ੇਰ ਸਿੰਘ ਲਾਲ ਪਾਣੀ ਦੀ ਬੋਤਲ ਕੱਢਦਾ ਤਾਂ ਉਹ ਦੋਵੇਂ ਯਾਰ ਯਾਰ ਬਣ ਜਾਂਦੇ।
"ਤੇਰੀ ਬਕਰੀ ਦੇ ਦੋ ਨਿਆਣੇ ਹੋਣੇ ਆਂ"
'ਏਕ ਤੁਮ ਲੇ ਲੇਨਾ'
'ਸਾੜਿਆਂ ਮੈਂ ਤਾਂ ਦੋਨਾਂ ਨੂੰ ਝਟਕਾਉਣਾ’
'ਤੋ ਫਿਰ ਬਕਰੀ ਬਚਾਰੀ ਕਿਆ ਕਰੇਗੀ'
‘ਰੋਊਗੀ ਤੇਰੀ ਜਾਨ ਨੂੰ। ਬਕਰੀ ਮੇਰੇ ਕਿਸ ਕੰਮ ਦੀ।

ਵਰ ਤੇ ਸਰਾਪ

੧੫.