ਪੰਨਾ:ਵਰ ਤੇ ਸਰਾਪ.pdf/19

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖਿਚ ਧੂ ਕੇ ਉਸ ਨੂੰ ਤਿੰਨ ਸੌ ਰੁਪਏ ਤੇ ਰਾਜ਼ੀ ਕੀਤਾ ਤੇ ਇਕ ਦਿਨ ਦਸ ਬਾਰਾਂ ਸਾਲ ਦੀ ਇਕ ਬਾਲੜੀ ਦੇ ਰੂਪ ਵਿਚ, ਘਰ ਵਿਚ 'ਬਹੂ ਜੀ’ ਲਿਆ ਬਠਾਈ।
ਇਸ ਤੋਂ ਪਹਿਲਾਂ ਮੰਨਸਾ ਸਾਰਾ ਦਿਨ ਬਾਹਰ ਬਗੀਚੀ ਵਿਚ ਕੰਮ ਕਰਦਾ ਰਹਿੰਦਾ ਸੀ, ਪਰ ਹੁਣ ਜਦੋਂ ਦੀ ਉਸ ਦੀ 'ਬਹੂ ਜੀ' ਆ ਗਈ ਸੀ, ਉਹ ਸਾਰਾ ਦਿਨ ਅਪਣੀ ਕੋਠੀ ਵਿੱਚ ਹੀ ਵੜਿਆ ਰਹਿੰਦਾ। ਸਾਰਾ ਦਿਨ ਆਪਣੀ ਨਵੀਂ ਵਿਆਹੀ ‘ਬਹੂ ਜੀ’ ਨਾਲ ਗੱਲਾਂ ਹੋ ਰਹੀਆਂ ਹਨ। ਹੁਣ 'ਬਹੂ ਜੀ’ ਰੁਸ ਰਹੀ ਹੈ। ਹੁਣ 'ਬਹੂ ਜੀ' ਨੂੰ ਮਨਾਇਆ ਜਾ ਰਿਹਾ ਹੈ। ਹੁਣ ਮੰਨਸਾ ‘ਬਹੂ ਜੀ’ ਲਈ ਖਾਣਾ ਬਣਾ ਰਿਹਾ ਹੈ। ਹੁਣ ਅਗ ਵਿਚ ਫੂਕਾਂ ਮਾਰਦੇ ਦੇ ਸਿਰ ਵਿਚ ਸਵਾਹ ਪੈ ਗਈ ਹੈ। ਤੇ ਸ਼ੇਰ ਸਿੰਘ ਨੂੰ ਆਪ ਮੁਹਾਰੇ ਜਿਵੇਂ ਖਾਰ ਆ ਜਾਂਦੀ। ‘ਸਾੜਾ ਜੰਨ ਮੁਰੀਦ! ਬੁਧੂ ਕਿਤੋਂ ਦਾ! ਇਹ ਵੀ ਕੋਈ ਬਕਰੀ ਵਾ ਕਿ ਘਾ ਖੁਆਲ ਲਵੇਂਗਾ ਤੇ ਦੁਧ ਪੀ ਲਵੇਂਗਾ। ਸਾੜਿਆ ਇਹ ਵੀ ਤੇਰੇ ਬਸ ਦਾ ਰੋਗ ਵਾ। ਐਵੇਂ ਜ਼ਰ ਦਾ ਸਤਿਆਨਾਸ ਕਰ ਬਈਠੈਂ।' ਪਰ ਮੰਨਸਾ ਦੇ ਖ਼ਿਆਲ ਅਨੁਸਾਰ ਇਹ ਸਭ ਕੁਝ ਸ਼ੇਰ ਸਿੰਘ ਇਸ ਲਈ ਸੋਚਦਾ ਸੀ ਕਿ ਉਹ ਇਹ ਵੀ ਤੇ ਨਹੀਂ ਸੀ ਕਰ ਸਕਿਆ। ਨਹੀਂ ਤੇ ਮੰਨਸਾ ਨਾਲ ਉਸਨੂੰ ਹੋਰ ਕੋਈ ਰੰਜਸ਼ ਨਹੀਂ ਸੀ।
'ਮੰਨਸਾ ਬੱਕਰੀ ਮਹਿੰਗੀ ਬੈਠਦੀ ਹੈ ਕਿ ਤੀਵੀਂ ਕਦੀ ਕਦੀ ਸ਼ੇਰ ਸਿੰਘ ਉਸਨੂੰ ਪੁਛਦਾ ਹੁੰਦਾ ਸੀ ਤੇ ਉਹ ਮੁਸਕਰਾ ਛਡਦਾ, ਇਕ ਦਿਨ ਸ਼ੇਰ ਸਿੰਘ ਨੇ ਮੰਨਸਾ ਨੂੰ ਜਦੋਂ ਜਤਲਾਇਆ, 'ਮੰਨਸਾ!

ਵਰ ਤੇ ਸਰਾਪ

੧੭.