ਪੰਨਾ:ਵਰ ਤੇ ਸਰਾਪ.pdf/36

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੇ ਨੀਲੀਆਂ ਨੀਲੀਆਂ ਅੱਖਾਂ ਵਾਲੇ ਡਰਾਈਵਰ ਨੂੰ ਵੇਖਿਆ। ਉਹ ਉਸ ਨੂੰ ਠੁੱਡਾ ਮਾਰ ਕੇ ਪਰੇ ਸੁਟ ਗਿਆ।
"ਕੁਲਹਿਣੀ" ਉਸ ਨੇ ਆਖਿਆ, ਉਸ ਦੇ ਨਾਲ ਇਕ ਹੋਰ ਕੁੜੀ ਤੁਰਦੀ ਜਾ ਰਹੀ ਸੀ। "ਹਟ ਪਰੇ, ਨਾਮੁਰਾਦ।" ਉਹ ਬੋਲੀ! ਸ਼ੀਲਾ ਨੂੰ ਠੇਡਾ ਲੱਗਾ ਤੇ ਉਹ ਡਿਗ ਪਈ। ਫੇਰ ਉਹ ਕਦੇ ਵੀ ਨਾ ਉਠ ਸਕੀ। ਉਸ ਨੂੰ ਜ਼ੋਰ ਦੀ ਖੰਘ ਆਈ। ਉਸ ਨੇ ਆਪਣੀ ਗੋਦੜੀ ਮੂੰਹ ਤੋਂ ਹਟਾਣ ਦਾ ਯਤਨ ਕੀਤਾ, ਪਰ ਉਹ ਹਟਾ ਨਾਂ ਸਕੀ। ਜਿਵੇਂ ਉਸ ਦੇ ਹੱਥ ਆਕੜ ਗਏ ਸਨ। ਉਸ ਨੇ ਆਪਣੇ ਦੁਆਲੇ ਵੇਖਣ ਦਾ ਯਤਨ ਕੀਤਾ, ਪਰ ਕੁਝ ਵੇਖ ਨਾ ਸਕੀ। ਉਸ ਦੇ ਦੁਆਲੇ ਹਨੇਰਾ ਹੀ ਹਨੇਰਾ ਸੀ। ਨਾ-ਮੁਰਾਦੀ, ਮਾਯੂਸੀ ਤੇ ਮੌਤ ਦਾ ਹਨੇਰਾ।
ਇਸ ਤਰ੍ਹਾਂ ਸੋਲ੍ਹਾਂ ਸਾਲ ਦੀ ਆਯੂ ਵਿਚ ਸ਼ੀਲਾ ਦੀ ਨਾਮੁਰਾਦ ਜ਼ਿੰਦਗੀ ਦਾ ਖਾਤਮਾ ਹੋ ਗਿਆ। ਉਸਦੀ ਲਾਸ਼ ਬੇ-ਹਿਸ ਧਰਤੀ ਤੇ ਪਈ ਸੀ ਤੇ ਕੀੜੇ ਲਾਪਰਵਾਹੀ ਨਾਲ ਉਸਨੂੰ ਵਲੂੰਧਰ ਰਹੇ ਸਨ। ਲੋਕੀ ਉਸ ਦੀ ਲਾਸ਼ ਦੇ ਦੁਆਲੇ ਖੜੇ ਸਨ ਉਨ੍ਹਾਂ ਨੇ ਆਪਣਿਆਂ ਨੱਕਾਂ ਤੇ ਮੂੰਹਾਂ ਨੂੰ ਢਕ ਰਖਿਆ ਸੀ!
"ਵਿਚਾਰੀ ਮਰ ਗਈ।"
"ਚੰਗਾ ਹੋਇਆ, ਗਰੀਬ ਦੀ ਜਾਨ ਛੁਟ ਗਈ।"
"ਲਾਵਾਰਸ ਹੈ।"
"ਮੰਗਤੀ ਸੀ।"

"ਪਤਾ ਨਹੀਂ ਕੀ ਹੋਇਆ ਸੂ।"

ਵਰ ਤੇ ਸਰਾਪ

੩੫.