ਪੰਨਾ:ਵਰ ਤੇ ਸਰਾਪ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਤੈਨੂੰ ਆਪਣੀ ਕਹਾਣੀ ਸੁਣਾਨ ਲਗਾ ਸਾਂ। ਇਹ ਗੱਲ ਉਸ ਜ਼ਮਾਨੇ ਦੀ ਹੈ ਜਿਸ ਦਾ ਜ਼ਿਕਰ ਸ਼ੇਰ ਸਿੰਘ ਨੇ ਕੀਤਾ ਹੈ। ਉਨ੍ਹੀ ਦਿਨੀਂ ਮੈਂ ਇਕ ਪਿੰਡ ਵਿਚ ਰਹਿੰਦਾ ਸਾਂ। ਕੱਖਾਂ ਨਾਲ ਛੱਤੀ ਮੇਰੀ ਇਕ ਕੁਲੀ ਸੀ ਜਿਥੇ ਮੈਂ ਆਪਣੇ ਪੰਜ ਬਚਿਆਂ ਸਣੇ ਰਹਿੰਦਾ ਸਾਂ। ਛੇਵੀਂ ਮੇਰੀ ਬੀਵੀ ਸੀ ਤੋਂ ਸਤਵਾਂ ਮੈਂ ਆਪ। ਮੇਰਾ ਸਭ ਤੋਂ ਛੋਟਾ ਬੱਚਾ ਸਰਦੀ ਲਗ ਜਾਣ ਦੇ ਕਾਰਣ ਮਾਂ ਦੀ ਝੋਲੀ ਵਿਚ ਦੰਮ ਤੋੜ ਰਿਹਾ ਸੀ। ਪਰ ਮੇਰੇ ਪਾਸ ਇਤਨੇ ਪੈਸੇ ਨਹੀਂ ਸਨ ਕਿ ਮੈਂ ਸਾਰਿਆਂ ਬਚਿਆਂ ਨੂੰ ਪੇਟ ਭਰ ਕੇ ਰੋਟੀ ਖਵਾ ਸਕਾਂ। ਉਨ੍ਹੀਂ ਦਿਨੀਂ ਦੇਸ਼ ਵਿਚ ਕਾਲ ਵੀ ਪੈ ਗਿਆ ਸੀ ਭੁਖ ਨਾਲ ਮੇਰੇ ਬਚੇ ਵਿਲਕ ਰਹੇ ਸਨ। ਮੈਂ ਆਪ ਭੁੱਖਾ ਸਾਂ, ਮੇਰੀ ਬੀਵੀ ਭੁਖੀ ਸੀ, ਮੇਰੇ ਬਚੇ ਭੁਖੇ ਸਨ। ਤੇ ਉਨ੍ਹਾਂ ਨੇ ਮੈਨੂੰ ਆਖਿਆ, "ਅਸੀਂ ਤੈਨੂੰ ਰੋਟੀ ਦੋਵਾਂਗੇ" ਤੇ ਮੈਂ ਉਨ੍ਹਾਂ ਦੇ ਨਾਲ ਤੁਰ ਪਿਆ। ਉਹ ਮੈਨੂੰ ਆਪਣੇ ਨਾਲ ਦੂਰ ਪੱਛਮ ਵਿਚ ਲੈ ਗਏ। ਉਨ੍ਹਾਂ ਨੇ ਮੈਨੂੰ ਰੋਟੀ ਦਿਤੀ ਪਰ ਨਾਲ ਹੀ ਮੇਰੇ ਹਥ ਵਿਚ ਬੰਦੂਕ ਵੀ ਫੜਾ ਦਿੱਤੀ। ਤੇ ਆਖਰ ਮੈਂ ਮਰ ਗਿਆ। ਉਨਾਂ ਨੇ ਮਰਨ ਪਿਛੋਂ ਮੇਰੇ ਕੰਨ ਵਿਚ ਫੂਕਿਆ, "ਹਿੰਦੁਸਤਾਨ ਟੁਮ ਮਰਾ ਨਹੀਂ, ਟੂਮ ਸ਼ਹੀਦ ਹੈ।" ਤੇ ਮੇਰੀ ਰੂਹ ਨੂੰ ਆਪਣੇ ਨਾਲ ਲਿਆ ਕੇ ਸਦਾ ਸਦਾ ਲਈ ਇਸ ਇੰਡੀਆ ਗੇਟ ਦੇ ਪਿੰਜਰੇ ਵਿਚ ਕੈਦ ਕਰ ਦਿੱਤਾ।

ਉਸ ਦੀਆਂ ਅੱਖਾਂ ਵਿਚ ਅਥਰੂ ਛਲਕ ਰਹੇ ਸਨ। "ਅਜ ਕਈ ਸਾਲ ਹੋ ਗਏ ਹਨ। ਮੈਂ ਮਰ ਗਿਆ ਹਾਂ, ਪਰ ਮੇਰੀ ਬੀਵੀ ਜੀਉਂਦੀ ਹੈ। ਮੇਰੇ ਬਚੇ ਜਿਉਂਦੇ ਹਨ। ਪਰ ਮੇਰੇ ਦੋਸਤ ਮੈਨੂੰ ਅਫ਼ਸੋਸ ਨਾਲ ਕਹਿਣਾ ਪੈਂਦਾ ਹੈ ਉਨ੍ਹਾਂ ਨੇ ਮੇਰੀ ਬੀਵੀ ਤੇ ਮੇਰੇ ਬਚਿਆਂ

ਵਰ ਤੇ ਸਰਾਪ

੪੭.