ਪੰਨਾ:ਵਰ ਤੇ ਸਰਾਪ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਾਇਦ ਉਹ ਵੀ ਕੋਈ ਤਾਰਾ ਬਣ ਗਿਆ ਹੋਵੇ। ਮੋਰੀ ਭਠੀ ਦੀਆਂ ਚਿੰਗਾਰੀਆਂ ਸਰਦ ਪੈ ਰਹੀਆਂ ਹਨ। ਉਨ੍ਹਾਂ ਦੇ ਵਿਚਲੀ ਰਾਖ ਬਾਹਰ ਆ ਗਈ ਹੈ। ਕਦੀ ਇਹ ਰਾਖ ਉਨ੍ਹਾਂ ਦੇ ਅੰਦਰ ਸੀ। ਉਹਨਾਂ ਨੇ ਇਸ ਰਾਖ ਨੂੰ ਆਪਣੀ ਜ਼ਿੰਦਗੀ ਵਿਚ ਸਮੋਇਆ ਹੋਇਆ ਸੀ। ਅਜ ਇਹ ਬਾਹਰ ਆ ਗਈ ਹੈ ਤੇ ਇਸ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਆਪਣੇ ਆਪ ਵਿਚ ਸਮੋ ਲਿਆ ਹੈ। ਕਿਤਨਾ ਅਜੀਬ ਸੰਘਠਨ ਹੈ ਜ਼ਿੰਦਗੀ ਅਤੇ ਮੌਤ ਦਾ, ਚਾਨਣ ਅਤੇ ਅਨ੍ਹੇਰੇ ਦਾ। ਸੁੰਝ-ਮਸੁੰਝੇ ਅਕਾਸ਼ ਦੀ ਸਿਆਹੀ ਵਿਚ ਟਾਂਕੇ ਹੋਏ ਤਾਰੇ ਇਤਨੇ ਸੋਹਣੇ ਨਾ ਲਗਦੇ ਜੇ ਅਕਾਸ਼ ਆਪ ਇਤਨਾਂ ਨੂੰ ਸੁੰਝਾ ਤੇ ਵੀਰਾਨ ਨਾ ਹੁੰਦਾ। ਸੁੰਨਸਾਨ ਅਕਾਸ਼ਾਂ ਦੀ ਕਾਲਖ, ਮੌਤ ਹੈ, ਤੇ ਤਾਰਿਆਂ ਦਾ ਸੁਹੱਪਣ, ਜ਼ਿੰਦਗੀ। ਮੌਤ ਤੇ ਜ਼ਿੰਦਗੀ। ਜ਼ਿੰਦਗੀ ਤੇ ਮੌਤ। ਜੇ ਮੌਤ ਵਰਦਾਨ ਹੈ ਤਾਂ ਜ਼ਿੰਦਗੀ ਜ਼ਰੂਰ ਸਰਾਪ ਹੈ। ਵਰ ਤੇ ਸਰਾਪ। ਜ਼ਿੰਦਗੀ ਤੇ ਮੌਤ। ਮੌਤ ਕੋਈ ਅਨਜਾਣੀ ਸ਼ੈ ਨਹੀਂ, ਇਹ ਜ਼ਿੰਦਗੀ ਵਿਚ ਹੀ ਹੁੰਦੀ ਹੈ, ਘੁਲੀ ਮਿਲੀ ਹੋਈ। ਉਹ ਵੇਖੋ, ਮੇਰੇ ਘਰ ਦੇ ਸਾਹਮਣੇ ਪਿਪਲ ਤੇ ਅਜ ਮੁਰਦੇਹਾਣੀ ਛਾਈ ਹੋਈ ਹੈ। ਇਕ ਜ਼ਮਾਨਾ ਸੀ ਜਦੋਂ ਇਹ ਹਰਿਆਵਲਾ ਸੀ, ਇਸ ਦੇ ਪਤੇ ਹਰੇ ਸਨ, ਇਸ ਦੀਆਂ ਕਰੂੰਬਲਾਂ ਹਰੀਆਂ ਸਨ, ਇਸ ਤੇ ਇਕ ਸੁਹੱਪਣ ਸੀ। ਇਸ ਵਿਚ ਇਕ ਜ਼ਿੰਦਗੀ ਸੀ, ਤੇ ਉਦੋਂ, ਮੈਨੂੰ ਯਾਦ ਹੈ, ਲੋਕੀ ਇਸ ਨੂੰ ਪੂਜਦੇ ਸਨ। ਇਸਨੂੰ ਸੰਧੂਰ ਦੇ ਤਿਲਕ ਲਗਾਂਦੇ ਸਨ। ਪਾਣੀ ਦੇਂਦੇ ਸਨ ਤੇ ਪ੍ਰਨਾਮ ਕਰਦੇ ਸਨ। ਉਦੋਂ ਪਿਪਲ ਦੇਵਤਾ, ਇਕ ਵਰਦਾਨ ਦਾਤਾ ਸੀ। ਪਰ ਅਜ ਇਹ ਇਕ ਸਰਾਪੇ ਹੋਏ ਬੁਤ ਵਾਂਗ ਟੁੰਡ ਮੁੰਡ ਢਾਂਚਾ ਹੈ। ਇਸ ਵਿਚ ਕਬਰਸਤਾਨ ਦੀ ਉਜਾੜ ਹੈ। ਇਕ ਬੇਜਾਨ ਲਾਸ਼

੬੨.

ਵਰ ਤੇ ਸਰਾਪ