ਪੰਨਾ:ਵਰ ਤੇ ਸਰਾਪ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਕਿਉਂ ਕੀ ਗਲ ਹੈ?"
"ਸ਼ੁਕਰ ਹੈ।"
ਤੇ ਦੋਵੇਂ ਇਕ ਦੂਜੇ ਵਲ ਤਕਦੇ ਹੋਏ ਉਸ ਢਠੀਆਂ ਹੋਈਆਂ ਕੰਧਾਂ ਵਾਲੇ ਖੋਲੇ ਦੀ ਆੜ ਲੈ, ਸੋਟੀਆਂ ਟੇਕਦੇ ਹੋਏ ਬੈਠ ਗਏ। ਕੁਝ ਦੇਰ ਉਹ ਦੋਵੇਂ ਇਕ ਦੂਜੇ ਵਲ ਤਕਦੇ ਰਹੇ ਤੇ ਚੁਪ ਰਹੇ। ਇਉਂ ਜਾਪਦਾ ਸੀ ਜਿਵੇਂ ਉਹ ਕੁਝ ਕਹਿਣਾ ਚਾਹੁੰਦੇ ਸਨ ਪਰ ਕੋਈ ਜਜ਼ਬਾ ਸੀ ਜੋ ਉਸ ਬੋਲ ਨੂੰ ਦਬਾਉਂਦਾ ਜਾ ਰਿਹਾ ਸੀ;
"ਤੈਨੂੰ ਕੀ ਮਿਲਿਆ ਹੈ ਅਜ"
"ਕੁਝ ਨਹੀਂ,"
ਤੇ ਦੋਹਾਂ ਨੂੰ ਆਪਣੀ ਆਵਾਜ਼ ਗੋਲ ਗੁੰਬਦ ਨਾਲ ਟਕਰਾ ਕੇ ਮੁੜਦੀ ਜਹੀ ਜਾਪੀ। ਜਿਵੇਂ ਉਹ ਕਿਸੇ ਖੂਹ ਵਿਚ ਡਿੱਗੇ ਪਏ ਸਨ। ਜੋ ਅਤਿ ਡੂੰਘਾ ਸੀ ਤੇ ਉਨ੍ਹਾਂ ਦੀ ਆਪਣੀ ਹੀ ਆਵਾਜ਼ ਓਸਦੀਆਂ ਡੂੰਘਾਈਆਂ ਵਿਚ ਚੱਕਰਾ ਰਹੀਂ ਸੀ।

ਅਜ ਤੋਂ ਕਈ ਦਿਨ ਪਹਿਲਾਂ ਵੀ ਉਹ ਮਿਲੇ ਸਨ। ਪਰ ਉਸ ਦਿਨ ਉਨ੍ਹਾਂ ਦੀ ਹਾਲਤ ਕੁਝ ਹੋਰ ਜਹੀ ਸੀ। ਉਸ ਦਿਨ ਉਨ੍ਹਾਂ ਪਾਸ ਬਹੁਤ ਕੁਝ ਸੀ। ਸੁੱਕੀਆਂ ਬੱਹੀਆਂ ਰੋਟੀ ਦੇ ਟੁਕੜੇ। ਰਲ-ਗਡ ਦਾਲਾਂ ਤੋਂ ਭਾਜੀਆਂ ਦਾ ਡੱਬਾ ਤੇ ਅਧ ਨੁਚੀਆਂ ਮਾਸ ਦੀਆਂ ਬੋਟੀਆਂ। ਇਹ ਸਾਰਾ ਕੁਝ ਉਨ੍ਹਾਂ ਨੇ ਇਕਠਿਆਂ ਬੈਠ ਕੇ ਖਾਧਾ ਸੀ ਤੇ ਫੇਰ ਸੜਕ ਦੇ ਪਾਰ ਲੱਗੇ ਕਮੇਟੀ ਦੇ ਨਲਕੇ ਤੋਂ ਰਜਕੇ ਪਾਣੀ ਪੀਤਾ ਸੀ। ਐਸ ਵੇਲੇ ਉਹ ਓਸ ਗ਼ਰੀਬ ਵਾਂਗ ਸਨ ਜਿਸਨੂੰ ਕਿਸਮਤ ਦੇ ਫੇਰ ਨੇ ਗ਼ਰੀਬ ਕਰ ਦਿੱਤਾ ਹੋਵੇ ਤੇ ਗ਼ਰੀਬੀ ਦੇ ਦਿਨਾਂ ਵਿਚ ਉਹ ਆਪਣੇ ਬੀਤੇ ਦਿਨ ਚੇਤੇ ਕਰਿਆ ਕਰੇ।

੬੮.

ਵਰ ਤੇ ਸਰਾਪ