ਪੰਨਾ:ਵਰ ਤੇ ਸਰਾਪ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿਚ ਕਿਸੇ ਪ੍ਰਕਾਰ ਦੇ ਸ਼੍ਰੇਣੀ ਭੰਗ ਹੋਣ ਜਾਂ ਗੜ ਬੜ ਪੈ ਜਾਣ ਦੀ ਸੰਭਾਵਨਾ ਨਹੀਂ ਸੀ।
ਆਧੁਨਿਕ ਸਮਾਂ ਕਲਾ ਵਿਚ ਇਕ ਨਵੀਂ ਕਿਸਮ ਦੀ ਸ੍ਵਤੰਤ੍ਰ-ਗਾਮਤਾ, ਰੀਤੀ-ਭੰਜਨ ਅਤੇ ਰੂਪ-ਹੀਨਤਾ ਦਾ ਸਮਾਂ ਹੈ। ਇਸ ਸਮੇਂ ਪੁਰਾਤਨ ਸਾਹਿਤਕ ਰੀਤੀਆਂ ਲਈ ਕਿਸੇ ਸਥਾਨ ਜਾਂ ਸਤਕਾਰ ਦਾ ਹੋਣਾ ਉਨਾ ਹੀ ਅਸੰਭਵ ਹੈ, ਜਿੰਨਾ ਪੁਰਾਣੀਆਂ ਸਮਾਜਕ ਰੀਤਾਂ ਲਈ ਜਾਂ ਪੁਰਾਣੇ ਮੰਦਰ ਉਸਾਰੀ ਜਾਂ ਨਗਰ ਸਥਾਪਨਾ ਦਿਆਂ ਢੰਗਾਂ ਲਈ। ਇਸ ਰੀਤ-ਹੀਨ ਪ੍ਰਥਾ ਦੇ ਦੋ ਵੱਡੇ ਕਾਰਨ ਹੋ ਸਕਦੇ ਹਨ- ਇਕ ਤਾਂ ਆਧੁਨਿਕ ਕਲਾਕਾਰ ਦੀ ਇਹ ਇੱਛਾ ਕਿ ਉਹ ਆਪਣੀ ਕਲਾ ਨੂੰ ਰੀਤ ਦਿਆਂ ਬੰਧਨਾਂ ਤੋਂ ਸ੍ਵਤੰਤਰ ਕਰੋ ਅਤੇ ਉਸ ਨੂੰ ਇਕ ਨਵਾਂ ਰੂਪ ਦੇਵੇ, ਜੋ ਇਸ ਕਾਲ ਦੀ ਮਾਨਸਕ ਦਸ਼ਾ ਦੇ ਵਧੇਰੇ ਅਨਕੂਲ ਹੋਵੇ। ਇਸ ਸਮੇਂ ਵਿਚ ਅਸੀਂ ਵਸਤ ਵੱਲ ਵਧੇਰੇ ਧਿਆਨ ਦਿੰਦੇ ਹਾਂ, ਅਤੇ ਬਾਹਰਲੇ ਰੂਪ ਦੀ ਮਹੱਤਤਾ ਘਟਾ ਰਹੇ ਹਾਂ। ਰੂਪ ਜਾਂ ਆਕਾਰ ਸਰਲ, ਪੱਧਰਾ ਅਤੇ ਵਸਤ ਦੀ ਸਥਿਰਤਾ ਅਤੇ ਹੋਂਦ ਦਾ ਹੀ ਇਕ ਅਵੱਸ਼ਕ ਸਹਿਭਵੀ ਬਣ ਰਿਹਾ ਹੈ। ਇਹ ਇਸ ਸਮੇਂ ਦੀ ਮੰਦਰ-ਕਲਾ, ਵਸਤਰ-ਰੂਪਾਂ, ਵਾਟਿਕਾ ਸਥਾਪਨਾ ਆਦਿਕ ਜੀਵਨ ਦਿਆਂ ਤਜਰਬਿਆਂ ਤੋਂ ਪਰਤੱਖ ਤੇ ਪਰਤੀਤ ਹੈ। ਦੂਜਾ ਕਾਰਨ ਆਧੁਨਿਕ ਕਲਾਕਾਰ ਦੀ ਇਸ ਰੁਚੀ ਦਾ ਇਹ ਹੋ ਸਕਦਾ ਹੈ ਕਿ ਉਸ ਨੇ ਇਸ ਸਮੇਂ ਦਿਆਂ ਗੁੰਝਲ-ਭਰਿਆਂ, ਢਾਊ ਅਤੇ ਵਿਸ਼ਵਾਸ਼-ਅਤੇ ਨਿਸਚੇ-ਮੁਕਤ ਪ੍ਰਭਾਵਾਂ ਅਤੇ ਵਿਚਾਰਾਂ ਨੂੰ ਪ੍ਰਗਟਾਉਣਾ ਹੁੰਦਾ ਹੈ। ਅਜਿਹਿਆਂ ਭਾਵਾਂ ਨੂੰ ਪ੍ਰਗਟਾਉਣ ਲਈ ਮਰਯਾਦਾ ਦੀਆਂ ਹੱਦਾਂ ਦੇ ਅੰਦਰ ਰਹਿਣਾ ਕਠਨ ਜ਼ਰੂਰ ਹੈ ਜੇ ਅਸੰਭਵ ਨਹੀਂ।

ਵਰ ਤੇ ਸਰਾਪ

੨.