ਪੰਨਾ:ਵਰ ਤੇ ਸਰਾਪ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੈ ਜਿਵੇਂ ਉਹ ਮੇਰੀ ਕਲਪਨਾ ਹੀ ਸੀ --- ਕੇਵਲ ਕਲਪਨਾ ਹੀ। ਇਥੇ ਸੜਕਾਂ ਹਨ ਤਾਂ ਪੱਥਰਾਂ ਦੀਆਂ, ਇਮਾਰਤਾਂ ਹਨ ਤਾਂ ਪਕਿਆਂ ਪੱਥਰਾਂ ਦੀਆਂ ਤੇ ਮੈਨੂੰ ਤਾਂ ਕਈ ਵਾਰੀ ਇਉਂ ਭਾਸਦਾ ਹੈ ਜਿਵੇਂ ਇਥੋਂ ਦੇ ਵਸਨੀਕ ਹਨ ਤਾਂ ਉਹ ਵੀ ਪੱਥਰ ਦੇ ਹੀ।
ਵੰਡੀਆਂ ਪਾਣੀਆਂ ਮਨੁੱਖਾਂ ਦੀ ਪੁਰਾਣੀ ਆਦਤ ਹੈ ਤੇ ਦਿੱਲੀ ਨੂੰ ਵੀ ਕਈ ਹਿਸਿਆਂ ਵਿਚ ਵੰਡ ਦਿਤਾ ਗਿਆ ਹੈ। ਸਭ ਤੋਂ ਵੱਡੇ ਤੇ ਜ਼ਰੂਰੀ ਹਿੱਸੇ ਦੋ ਹਨ --ਨਵੀਂ ਦਿੱਲੀ ਤੇ ਪੁਰਾਣੀ ਦਿੱਲੀ। ਨਵੀਂ ਦਿੱਲੀ ਵਿਚ ਪੱਕੇ ਪੱਥਰ ਦੀਆਂ ਸਾਫ਼ ਤੇ ਚੌੜੀਆਂ ਸੜਕਾਂ ਦਾ ਜਾਲ ਵਿਛਿਆ ਹੋਇਆ ਹੈ। ਇਸ ਵਿਚ ਬਹੁਤ ਕਰਕੇ ਸਰਕਾਰੀ ਦਫ਼ਤਰ ਹਨ ਤੇ ਇਕੋ ਨਮੂਨੇ ਦੇ ਬਣੇ ਹੋਏ ਸਰਕਾਰੀ ਕਵਾਟਰ, ਜਿਨ੍ਹਾਂ ਦੀਆਂ ਪਾਲਾਂ ਦੀਆਂ ਪਾਲਾਂ ਤੁਰੀਆਂ ਚਲੀਆਂ ਜਾਂਦੀਆਂ ਹਨ, ਜੋ ਕਦੀ ਮੁਕਣ ਵਿਚ ਹੀ ਨਹੀਂ ਆਉਂਦੀਆਂ। ਕਈ ਵਾਰੀ ਇਨ੍ਹਾਂ ਮਕਾਨਾਂ ਨੂੰ ਵੇਖ ਕੇ ਮੈਂ ਸੋਚਦਾ ਹਾਂ ਜਿਵੇਂ ਮੈਂ ਆਪਣਾ ਘਰ ਭੁਲ ਬੈਠਾ ਹਾਂ ਤੇ ਮੈਂ ਇਕ ਅਮੁਕ ਤੇ ਵਿਸ਼ਾਲ ਦੁਨੀਆਂ ਵਿਚ ਘੁੰਮ ਰਿਹਾ ਹਾਂ, ਜਿਥੇ ਹਰ ਚੀਜ਼ ਇਕੋ ਜਹੀ ਹੈ ਤੇ ਹਰ ਚੀਜ਼ ਤੇ ਦੂਸਰੀ ਦਾ ਭੁਲੇਖਾ ਹੋ ਸਕਦਾ ਹੈ। ਜੇ ਕਦੀ ਇਨ੍ਹਾਂ ਮਕਾਨਾਂ ਤੇ ਨੰਬਰ ਨਾ ਲੱਗੇ ਹੋਏ ਹੋਣ ਤਾਂ ਸ਼ਾਇਦ ਮੈਂ ਆਪਣਾ ਮਕਾਨ ਪਰਲੋ ਤੀਕ ਵੀ ਨਾ ਢੂੰਡ ਸਕਾਂ।

ਸਾਡਾ ਦਫਤਰ ਪਹਿਲਾਂ ਨਵੀਂ ਦਿੱਲੀ ਵਿਚ ਸੀ, ਪਰ ਹੁਣ ਪੁਰਾਣੀ ਦਿੱਲੀ ਵਿਚ ਚਲਾ ਗਿਆ ਹੈ ਜਿੱਥੇ ਕਦੀ ਪੁਰਾਣਾ ਸੈਕ੍ਰੇਟੇਰੀਅਟ ਸੀ। ਇਹ ਦੁਨੀਆ ਦਾ ਦੂਜਾ ਹਿੱਸਾ ਹੈ, ਬਿਲਕੁਲ

੮੦.

ਵਰ ਤੇ ਸਰਾਪ