ਪੰਨਾ:ਵਰ ਤੇ ਸਰਾਪ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਹਿਰ ਨਾਲੋਂ ਵੱਖਰਾ ਤੇ ਅਲਗ ਥਲਗ। ਇਸ ਦੇ ਆਲੇ ਦੁਆਲੇ ਜੰਗਲ ਹੀ ਜੰਗਲ ਹੈ ਤੇ ਪਿਛਲੇ ਪਾਸੇ ਜਮਨਾ ਵਗਦੀ ਹੈ। ਸਾਮ੍ਹਣੇ ਡਿਉਢੀ ਤੇ ਯੂਨੀਅਨ ਜੈਕ ਬੜੀ ਸ਼ਾਨ ਨਾਲ ਲਹਿਰਾ ਰਿਹਾ ਹੈ। ਸੈਕ੍ਰਟੇਰੀਅਟ ਦੇ ਪਿਛਵਾੜੇ ਵਿਚੋਂ ਕਦੀ ਕਦੀ ਜੰਗਲੀ ਹਵਾ ਦੇ ਕੋਈ ਸ਼ੋਖ ਬੁਲ੍ਹੇ ਉਠਦੇ ਹਨ ਤੇ ਘਸੇ ਹੋਏ ਯੂਨੀਅਨ ਜੈਕ ਦੀ ਕੋਈ ਨ ਕੋਈ ਟਾਕੀ ਪਿੰਜ ਸੁਟਦੇ ਹਨ। ਹਵਾ ਦੇ ਇਹ ਅਵਾਰਾ ਬੁਲ੍ਹੇ ਬੜੇ ਪੁਰਾਣੇ ਹਨ। ਇਨ੍ਹਾਂ ਦੀ ਕਹਾਣੀ ਬੜੀ ਪੁਰਾਣੀ ਹੈ। ਸਦੀਆਂ ਤੋਂ ਇਸੇ ਤਰ੍ਹਾਂ ਇਹ ਕਈ ਜ਼ਮਾਨੇ ਵੇਖਦੇ ਆਏ ਹਨ। ਇਨ੍ਹਾਂ ਨੇ ਦਿੱਲੀ ਤੇ ਲਹਿਰਾਂਦੇ ਕਈ ਝੰਡੇ ਤੱਕੇ ਹਨ। ਤੇ ਅੰਤ ਉਹ ਦਿਨ ਦੂਰ ਨਹੀਂ ਜਦੋਂ ਕੋਈ ਮਨਚਲਾ ਬੁਲ੍ਹਾ, ਕਿਸੇ ਦਿਨ, ਪਿੰਜ ਪੰਜ ਕੇ ਯੂਨੀਅਨ ਜੈਕ ਦਾ ਇਹ ਘਸਿਆ ਹੋਇਆ ਫੁਰੇਰਾ ਲਾਹ ਹੀ ਸੁਟੇਗਾ।

ਮੈਟਕਾਫ਼ ਹਾਊਸ ਦੀ ਬਿਲਡਿੰਗ ਉਪਰੋਂ ਨਵੀਂ ਬਣੀ ਹੈ, ਪਰ ਅਜੇ ਤੀਕ ਉਸ ਦੇ ਹੇਠ ਉਹ ਪੁਰਾਣੇ ਪੱਥਰਾਂ ਦੀਆਂ ਕੰਧਾਂ ਖੜੀਆਂ ਹਨ ਜਿਨ੍ਹਾਂ ਤੇ ਨਵੀਂ ਬਿਲਡਿੰਗ ਨੂੰ ਉਸਾਰਿਆ ਗਿਆ ਹੈ। ਕਈ ਵਾਰੀ ਇਨ੍ਹਾਂ ਥੇਹਾਂ ਨੂੰ ਵੇਖ ਕੇ ਹਰਭਜਨ ਆਖਦਾ ਹੈ, ਵੇਖ ਇਸ ਇਮਾਰਤ ਨੂੰ ਉਸਾਰਨ ਵਾਸਤੇ ਪੁਰਾਣੀਆਂ ਨੀਹਾਂ ਦੀ ਹੋਂਦ ਕਿਤਨੀ ਜ਼ਰੂਰੀ ਸਮਝੀ ਗਈ ਹੈ" ਮੈਂ ਸੋਚਦਾ ਹਾਂ ਕੀ ਸਾਡੀ ਸਾਰੀ ਦੀ ਸਾਰੀ ਸਭਿਅਤਾ ਹੀ ਪੁਰਾਣੀਆਂ ਨੀਹਾਂ ਤੇ ਨਹੀਂ ਖਲੋਤੀ ਹੋਈ ਹੈ। ਇਸ ਪੁਰਾਤਨਤਾ ਵਿਚ ਇਕ ਗੌਰਵ ਹੈ ਜੋ ਸਾਨੂੰ ਅਤਿ ਪਰੀਯ ਹੈ। ਤੇ ਵਾਸਤਵ ਵਿਚ ਇਹ ਪਰਾਚੀਨਤਾ ਹੀ ਨਵੀਨਤਾ ਦੀ ਜਨਮ ਦਾਤੀ ਹੈ।

ਵਰ ਤੇ ਸਰਾਪ

੮੧.