ਪੰਨਾ:ਵਰ ਤੇ ਸਰਾਪ.pdf/94

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਰੀ ਯੋਜਨਾ ਤੋਂ ਭਲੀ ਪਰਕਾਰ ਜਾਣੂ ਜਾਪਦੇ ਸਨ। ਤੇ ਅੰਦਰੋ ਅੰਦਰ ਉਹ ਵੀ ਇਸ ਨੂੰ ਕੁਚਲਣ ਦੀਆਂ ਵਿਉਂਤਾਂ ਸੋਚ ਰਹੇ ਸਨ। ਉਨ੍ਹਾਂ ਨੇ ਆਪਣੀ ਚਤੁਰਾਈ ਨਾਲ ਦੇਸ਼ ਵਿਚ ਇਕ ਐਸੀ ਆਰਥਿਕ ਸਮੱਸਿਆ ਪੈਦਾ ਕਰ ਦਿੱਤੀ ਸੀ ਕਿ ਨੌਜਵਾਨਾਂ ਲਈ ਫ਼ੌਜ ਵਿਚ ਭਰਤੀ ਹੋਣ ਤੋਂ ਛੁਟ ਹੋਰ ਕੋਈ ਕੰਮ ਹੀ ਨਹੀਂ ਸੀ ਰਹਿ ਗਿਆ।
ਲੈਫ਼ਟੀਨੈਂਟ ਸਿੰਘ ਨੂੰ ਵੀ ਉਨ੍ਹੀਂ ਦਿਨੀਂ ਹੀ ਐਮਰਜੰਸੀ ਕਮਿਸ਼ਨ ਮਿਲਿਆ ਸੀ। ਉਸ ਦੇ ਖ਼ਾਨਦਾਨ ਦੀ ਇਕ ਪੁਰਾਣੀ ਫ਼ੌਜੀ ਪਰਮਪਰਾ ਸੀ, ਜਿਸ ਨੂੰ ਅਮੁਕ ਚਖਣ ਲਈ ਉਸ ਦਾ ਫ਼ੌਜ ਵਿਚ ਭਰਤੀ ਹੋਣਾ ਬੜਾ ਜ਼ਰੂਰੀ ਜਾਪਦਾ ਸੀ। ਅਸਲ ਵਿਚ ਗਲ ਇਸ ਤਰ੍ਹਾਂ ਹੋਈ ਕਿ ਲੈਫ਼ਟੀਨੈਟ ਸਿੰਘ ਦਾ ਪਤਾ ਜਦੋਂ ਫ਼ੌਜ ਵਿਚੋਂ ਰੀਟਾਇਰ ਹੋ ਕੇ ਘਰ ਆਇਆ ਤਾਂ ਉਸ ਨੂੰ ਪੈਨਸ਼ਨ ਤਾਂ ਮਿਲ ਗਈ ਸੀ, ਪਰ ਫਿਰ ਵੀ ਸਰਕਾਰ ਬਰਤਾਨੀਆਂ ਦੀ ਸ਼ਾਨਦਾਰ ਨੌਕਰੀ ਕਰਨ ਦੇ ਬਦਲੇ ਵਿਚ ਉਸ ਨੂੰ ਆਪਣੇ ਇਲਾਕੇ ਦਾ ਔਨਰੇਰੀ ਮੈਜਿਸਟਰੇਟ ਵੀ ਨੀਅਤ ਕੀਤਾ ਗਿਆ। ਉਸ ਦੇ ਪਿੰਡ ਦੇ ਅਨਪੜ੍ਹ ਲੋਕ ਉਸ ਨੂੰ 'ਨੇਰੀ ਮਸ਼ਟਰੇਟ' ਕਹਿੰਦੇ ਸਨ। ਇਕ ਦਿਨ ਜ਼ਿਲੇ ਦੇ ਅੰਗਰੇਜ਼ ਹਾਕਮ ਡਿਪਟੀ ਕਮਿਸ਼ਨਰ ਸਾਹਿਬ ਬਹਾਦਰ ਨੇ ਉਸ ਨੂੰ ਖਾਣੇ ਤੇ ਬੁਲਾਇਆ। ਉਸ ਨਾਲ ਹਥ ਮਿਲਾਇਆ, ਤੇ ਕਿਹਾ, "ਸਰਦਾਰ ਸਾਹਿਬ ਹਰ ਇਲਾਕੇ ਵਿਚ ਭਰਤੀ ਕਾਫ਼ੀ ਜ਼ੋਰਾਂ ਤੇ ਹੈ, ਪਰ ਤੁਹਾਡੇ ਇਲਾਕੇ ਵਿਚੋਂ ਕੋਈ ਖ਼ਾਸ ਰੰਗਰੂਟ ਨਹੀਂ ਮਿਲੇ।"

"ਨਹੀਂ ਹਜੂਰ, ਅਜੇ ਪਿਛੇ ਜਹੇ ਹੀ ਤੇ ਮੈਂ ਤੀਹ ਆਦਮੀਆਂ ਦਾ ਇਕ ਬੈਚ ਭਿਜਵਾਇਆ ਸੀ।"

੧੦੦.

ਵਰ ਤੇ ਸਰਾਪ