ਸਮੱਗਰੀ 'ਤੇ ਜਾਓ

ਪੰਨਾ:ਵਸੀਅਤ ਨਾਮਾ.pdf/172

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਿੰਤਾ ਕਰਨ ਨਾਲ ਅਖਾਂ ਅਗੇ ਰਜਨੀ ਦਿਖਾਈ ਦੇਣ ਲਗੀ, ਸਾਮਨੇ ਰਾਣੀ ਨੂੰ ਵੀ ਦੇਖਿਆ।ਹਰ ਇਕ ਦਰਖਤ ਨੂੰ ਰਜਨੀ ਸਮਝਨ ਲਗਾ। ਦੇਖਨ ਲਗਾ-ਹਰ ਦਰਖਤ ਥਲੇ ਰਾਣੀ ਬੈਠੀ ਹੈ। ਉਥੇ ਰਜਨੀ ਖਲੋਤੀ ਸੀ, ਹੁਣ ਨਹੀਂ ਏ। ਉਥੇ ਰਜਨੀ ਆਈ ਸੀ,ਕਿਥੇ ਚਲੀ ਗਈ ਏ ? ਹਰ ਸ਼ਬਦ ਵਿਚ ਰਾਣੀ ਤੇ ਰਜਨੀ ਦੀ ਹੀ ਅਵਾਜ਼ ਸੁਨਣ ਲਗਾ । ਸਰੋਵਰ ਤੇ ਲੋਕ ਗਲ ਬਾਤ ਕਰ ਰਹੇ ਸਨ, ਗੁਬਿੰਦ ਲਾਲ ਨੂੰ ਐਉਂ ਲਗਦਾ ਸੀ ਜਿਸ ਤਰਾਂ ਰਜਨੀ ਗਲਾਂ ਕਰ ਰਹੀ ਏ। ਕਦੀ ਲਗਦਾ ਰਾਣੀ ਗਲਾਂ ਕਰ ਰਹੀ ਏ । ਸੁਕੇ ਪਤੇ ਹਿਲਦੇ ਸਨ, ਉਹ ਸਮਝਦਾ ਸੀ ਰਜਨੀ ਜਾ ਰਹੀ ਹੈ । ਕੀੜੇ ਪਤੰਗੇ ਉਡਦੇ ਸਨ, ਉਹ ਸਮਝਦਾ ਸੀ ਰਾਣੀ ਭਜ ਰਹੀ ਏ। ਹਵਾ ਨਾਲ ਡਾਲੀਆਂ ਹਿਲਦੀਆਂ ਦੇਖ ਸਮਝਦਾ ਰਜਨੀ ਸਾਹ ਲੈ ਰਹੀ ਏ। ਪਪੀਹਾ ਬੋਲਦਾ ਤਾਂ ਸਮਝਦਾ, ਰਾਣੀ ਗਾ ਰਹੀ ਏ।

ਢਾਈ ਪਹਿਰ ਦਿਨ ਚੜ ਗਿਆ, ਗੁਬਿੰਦ ਲਾਲ ਉਸੇ ਟੁਟੀ ਮੂਰਤੀ ਥਲੇ ਬੈਠਾ ਰਿਹਾ । ਸਾਢੇ ਤਿੰਨ ਪਹਿਰ ਦਿਨ ਚੜ੍ਹ ਗਿਆ, ਗੁਬਿੰਦ ਲਾਲ ਬਿਨਾਂ ਕੁਛ ਖਾਧੇ ਪੀਤੇ ਰਾਣੀ ਤੇ ਰਜਨੀ ਦੀ ਯਾਦ ਵਿਚ ਉਥੇ ਹੀ ਬੈਠਾ ਰਿਹਾ। ਸ਼ਾਮ ਹੋ ਗਈ, ਗੁਬਿੰਦ ਲਾਲ ਉਠਿਆ ਨਹੀਂ ਨਾ ਹੀ ਕੁਛ ਹੋਸ਼ ਰਹੀ। ਘਰ ਵਾਲੇ ਉਸ ਨੂੰ ਦਿਨ ਭਰ ਨ ਦੇਖ ਕੇ ਸਮਝੇ ਕਿ ਗੁਬਿੰਦ ਲਾਲ ਕਲਕਤੇ ਚਲਾ ਗਿਆ ਹੈ,ਇਸੇਲਈ ਕਿਸੇ ਨੇ ਉਸ ਦੀ ਢੂੰਡ ਭਾਲ ਨਾ ਕੀਤੀ । ਹਨੇਰਾ ਹੋ ਗਿਆ,ਅਸਮਾਨ ਤੇ ਤਾਰੇ ਨਿਕਲ ਆਏ ਫਿਰ ਵੀ ਗਬਿੰੰਦ ਨਾਲ ਉਥੇ ਬੈਠਾ ਰਿਹਾ।

ਅਚਾਨਕ ਉਸ ਹਨੇਰੀ ਸੁੰਨ ਸਾਨ ਜਗ੍ਹਾ ਵਿਚ ਗੁਬਿੰਦ ਲਾਲ ਨੂੰ ਸਾਫ ਸਾਫ ਰਾਣੀ ਦੇ ਗਲੇ ਦੀ ਅਵਾਜ ਸੁਨਾਈ ਦੇਣ ਲਗੀ । ਮਾਨੋ ਰਾਣੀ ਚਲਾ ਕੇ ਕਹਿ ਰਹੀ ਏ-'ਏਸੇ ਜਗ੍ਹਾ'

ਉਸ ਵੇਲੇ ਗੁਬਿੰਦ ਲਾਲ ਭੁਲ ਗਿਆ ਸੀ ਕਿ ਰਾਣੀ ਮਰ ਗਈ ਏ । ਉਸ ਨੇ ਪੁਛਿਆ-ਇਸੇ ਜਗ੍ਹਾ ਕੀ ?

ਸੁਨਿਆ, ਮਾਨੋ ਰਾਣੀ ਕਹਿ ਰਹੀ ਹੈ-'ਇਸੇ ਵੇਲੇ' ।

੧੭੩