ਰਾਣੀ-ਵਹੁਟੀ ਦਾ ਨਾਂ ਸੁਣ ਕੇ ਤੁਹਾਡੇ ਵਿਧਵਾ ਵਿਆਹ ਦੀ ਯਾਦ ਆ ਗਈ। ਕੀ ਤੁਸੀਂ ਵਿਧਵਾ ਵਿਆਹ ਕਰੋਗੇ?
ਹਰ ਲਾਲ-ਸਲਾਹ ਤੇ ਹੈ, ਪਰ ਮਨ ਮਰਜੀ ਦੀ ਵਿਧਵਾ ਕਿਥੋਂ ਲਭਾਂਗਾ?
ਰਾਣੀ-ਵਿਧਵਾ ਹੋਵੇ ਯਾਂ ਕੰਵਾਰੀ, ਕਿਸੇ ਨਾ ਕਿਸੇ ਨਾਲ ਵਿਆਹ ਕਰ ਲੈਣਾ ਬਹੁਤ ਹਛਾ ਹੈ। ਘਰ ਦੇ ਸਾਰੇ ਅਸੀਂ ਖੂਬ ਖੁਸ਼ੀ ਮਨਾਵਾਂ ਗੇ।
ਹਰ ਲਾਲ-ਦੇਖ ਰਾਣੀ, ਵਿਧਵਾ ਵਿਆਹ ਕਰਣ ਦੀ ਸ਼ਾਸਤਰ ਵਲੋਂ ਆਗਿਆ ਹੈ।
ਰਾਣੀ-ਹਾਂ ਅਜ ਕਲ ਤੇ ਸਾਰੇ ਲੋਕ ਇਸਤਰਾਂ ਹੀ ਕਹਿ ਰਹੇ ਹਨ।
ਹਰ ਲਾਲ-ਤੂੰ ਵੀ ਵਿਆਹ ਕਰ ਸਕਦੀ ਹੈਂਂ। ਕਰੇਂਗੀ?
ਰਾਣੀ ਨੇ ਸਿਰ ਤੇ ਕਪੜਾ ਲੈ ਮੂੰਹ ਜਰਾ ਦੂਸਰੇ ਪਾਸੇ ਫੇਰ ਲਿਆ। ਹਰ ਲਾਲ ਨੇ ਕਿਹਾ-ਤੇਰੇ ਨਾਲ ਤੇ ਮੇਰਾ ਇਸ ਪਿੰਡ ਵਿਚ ਰਹਿਣ ਦਾ ਹੀ ਇਕ ਰਿਸ਼ਤਾ ਹੈ, ਇਸ ਲਈ ਵਿਆਹ ਕਰਨ ਵਿਚ ਕੋਈ ਰੁਕਾਵਟ ਨਹੀਂ ਪੈ ਸਕਦੀ।
ਰਾਣੀ ਕਪੜੇ ਨਾਲ ਮੂੰਹ ਢਕ ਕੇ ਹਾਂਡੀ ਵਿਚ ਕੜਛੀ ਫੇਰਨ ਲਗ ਪਈ। ਇਹ ਦੇਖ ਹਰ ਲਾਲ ਉਦਾਸ ਹੋ ਚਲ ਪਿਆ। ਅਜੇ ਉਹ ਦਰਵਾਜ਼ੇ ਤਕ ਹੀ ਗਿਆ ਸੀ ਜੋ ਰਾਣੀ ਨੇ ਕਿਹਾ-ਅਛਾ ਕਾਗਜ਼ ਨੂੰ ਐਥੇ ਰਖ ਜਾਓ, ਦੇਖਾਂ ਮੈਂ ਕੀ ਕੁਛ ਕਰ ਸਕਦੀ ਹਾਂ।
ਹਰ ਲਾਲ ਨੇ ਖੁਸ਼ ਹੋ ਕੇ ਜਾਲੀ ਵਸੀਅਤ ਨਾਮਾ ਤੇ ਨੋਟ ਲਿਆ ਕੇ ਰਾਣੀ ਦੇ ਸਾਹਮਣੇ ਰਖ ਦਿਤੇ। ਦੇਖ ਕੇ ਰਾਣੀ ਬੋਲੀ-ਨੋਟ ਨਹੀਂ, ਸਿਰਫ ਵਸੀਅਤ ਨਾਮਾ ਹੀ ਰਖ ਜਾਓ।
ਤਦ ਹਰ ਲਾਲ ਜਾਲੀ ਵਸੀਅਤ ਨਾਮਾ ਰਖ, ਨੋਟ ਲੈ ਕੇ ਚਲਾ ਗਿਆ।