ਪੰਨਾ:ਵਸੀਅਤ ਨਾਮਾ.pdf/29

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਜਵਾਂ ਕਾਂਡ

ਦੂਸਰੇ ਦਿਨ ਸਵੇਰੇ ਰਾਣੀ ਫਿਰ ਰਸੋਈ ਬਨਾ ਰਹੀ ਸੀ ਅਰ ਹਰ ਲਾਲ ਬਾਹਰ ਦੇਖ ਰਿਹਾ ਸੀ। ਇਸ ਵੇਲੇ ਬ੍ਰਹਮਾ ਨੰਦ ਘਰ ਵਿਚ ਨਹੀਂ ਸੀ, ਨਹੀਂ ਤੇ ਨ ਜਾਣੇ ਉਹ ਮਨ ਵਿਚ ਕੀ ਕਹਿੰਦਾ।

ਹਰ ਲਾਲ ਹੌਲੀ ਹੌਲੀ ਰਾਣੀ ਕੋਲ ਗਿਆ, ਰਾਣੀ ਨੇ ਉਸ ਵਲ ਬਿਲਕੁਲ ਨਹੀਂ ਦੇਖਿਆ। ਹਰ ਲਾਲ ਬੋਲਿਆ-ਮੈਂ ਕਿਹਾ ਜਰਾ ਇਧਰ ਵੀ ਦੇਖੋ, ਕਿਤੇ ਹਾਂਡੀ ਤੇ ਨਹੀਂ ਟੁੱਟ ਜਾਂਦੀ।

ਰਾਣੀ ਉਸ ਵਲ ਦੇਖ ਕੇ ਹਸ ਪਈ। ਹਰ ਲਾਲ ਨੇ ਕਿਹਾ-ਕੀ ਕਰ ਰਹੀ ਹੈ?

ਰਾਣੀ ਨੇ ਚੁਰਾਇਆ ਹੋਇਆ ਵਸੀਅਤ ਨਾਮਾ ਹਰ ਲਾਲ ਨੂੰ ਦੇਖਣ ਵਾਸਤੇ ਦਿਤਾ। ਹਰ ਲਾਲ ਦੇਖ ਕੇ ਬੜਾ ਖੁਸ਼ ਹੋਇਆ, ਹਸ ਕੇ ਬੋਲਿਆ-ਕਿਸਤਰਾਂ ਚੁਰਾ ਲਿਆ ਸੀ ਏ?

ਰਾਣੀ ਨੇ ਸਚੀ ਗਲ ਲੁਕਾ ਕੇ ਝੂਠ ਮੂਠ ਹੀ ਕੁਛ ਦਸ ਦਿਤਾ ਕਿ ਕਿਸਤਰਾਂ ਉਹ ਇਕ ਕਲਮਦਾਨ ਵਿਚ ਪਿਆ ਸੀ ਦਸਦੇ ਦਸਦੇ ਹੀ ਉਸ ਨੇ ਹਰ ਲਾਲ ਕੋਲੋਂ ਵਸੀਅਤ ਨਾਮਾ ਲੈ ਲਿਆ। ਗਲ ਖਤਮ ਕਰਨ ਤੇ ਰਾਣੀ ਵਸੀਅਤ ਨਾਮਾ ਲੈ ਕੇ ਅੰਦਰ ਚਲੀ ਗਈ। ਜਦੋਂ ਵਾਪਸ ਆਈ ਤਾਂ ਹਥ ਵਿਚ ਵਸੀਅਤ ਨਾਮਾ ਨ ਦੇਖ ਕੇ ਹਰ ਲਾਲ ਨੇ ਪੁਛਿਆ-ਵਸੀਅਤ ਨਾਮਾ ਕਿਥੇ ਰਖ ਆਈ ਹੈ?

ਰਾਣੀ-ਬੰਦ ਕਰਕੇ ਅੰਦਰ ਰੱਖ ਦਿਤਾ ਹੈ।

੨੮