ਪੰਨਾ:ਵਸੀਅਤ ਨਾਮਾ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਲਾਈ-ਫਿਰ ਗੁਬਿੰਦ ਲਾਲ ਨੂੰ ਕਿਉਂ ਨਹੀਂ ਸਾਰੀ ਗਲ ਦਸ ਦੇਂਦੀ ਤੇ ਰੋ ਕੇ ਉਸ ਦੇ ਪੈਰਾਂ ਤੇ ਡਿਗ ਪੈਂਦੀ? ਉਹ ਦਿਆਲੂ ਹੈ, ਜਰੂਰ ਤੈਨੂੰ ਮਾਫ ਕਰ ਦੇਵੇਗਾ।

ਬੁਰਾਈ-ਹਛਾ ਇਹੋ ਸਹੀ। ਪਰ ਗੁਬਿੰਦ ਲਾਲ ਨੂੰ ਸਾਰੀ ਗਲ ਕ੍ਰਿਸ਼ਨ ਕਾਂਤ ਨਾਲ ਕਰਨੀ ਹੀ ਪਵੇਗੀ। ਜੇ ਨ ਕੀਤੀ ਤਾਂ ਫਿਰ ਵਸੀਅਤ ਨਾਮਾ ਬਦਲਿਆ ਕਿਸਤਰਾਂ ਜਾਵੇਗਾ, ਅਰ ਜੇ ਕ੍ਰਿਸ਼ਨ ਕਾਂਤ ਨੇ ਇਹ ਗਲ ਪੁਲੀਸ ਨੂੰ ਦਸ ਦਿਤੀ ਤਾਂ ਗੁਬਿੰਦ ਲਾਲ ਮੈਨੂੰ ਕਿਸਤਰਾਂ ਬਚਾ ਲਵੇਗਾ? ਅਛਾ ਇਕ ਸਲਾਹ ਹੋਰ ਹੈ, ਹਾਲੀ ਚੁਪ ਰਹਾਂ, ਕ੍ਰਿਸ਼ਨ ਕਾਂਤ ਮਰ ਜਾਵੇ ਉਸ ਤੋਂ ਬਾਹਦ ਤੇਰੀ ਰਾਏ ਨਾਲ ਗੁਬਿੰਦ ਲਾਲ ਦੇ ਪੈਰਾਂ ਤੇ ਡਿਗ ਪਵਾਂਗੀ। ਅਰ, ਵਸੀਅਤ ਨਾਮਾ ਉਸ ਨੂੰ ਦੇ ਦਵਾਂਗੀ।

ਭਲਾਈ-ਫਿਰ ਇਹ ਵਿਅਰਥ ਹੋਵੇਗਾ। ਕਿਉਂਕਿ ਜੋ ਵਸੀਅਤ ਨਾਮਾ ਕ੍ਰਿਸ਼ਨ ਕਾਂਤ ਦੇ ਘਰੋਂ ਲਭੇਗਾ, ਲੋਕ ਉਸੇ ਨੂੰ ਹੀ ਸਚਾ ਮੰਨਨਗੇ, ਫਿਰ ਗੁਬਿੰਦ ਲਾਲ ਨੂੰ ਇਸ ਵਸੀਅਤ ਨਾਮੇ ਦੇ ਬਾਹਰ ਕਢਨ ਤੇ ਉਲਟਾ ਇਸ ਨੂੰ ਹੀ ਜਾਲ ਸਾਜ਼ ਬਨਣਾ ਪਵੇਗਾ।

ਬੁਰਾਈ-ਹਛਾ ਫਿਰ ਚੁਪ ਚਾਪ ਬੈਠ ਰਹ, ਜੋ ਹੋ ਗਿਆ ਸੋ ਹੋ ਗਿਆ।

ਭਲਾਈ ਚੁਪ ਹੋ ਰਹੀ। ਉਸ ਦੀ ਹਾਰ ਹੋਈ। ਫਿਰ ਦੋਵੇਂ ਇਕ ਸੁਲਹ ਦਾ ਕੰਮ ਕਰਨ ਲਗੀਆਂ, ਉਨ੍ਹਾਂ ਨੇ ਰਾਣੀ ਦੀਆਂ ਅਖਾਂ ਅਗੇ ਸਰਵਰ ਕਿਨਾਰੇ ਦੀ ਚਾਂਦਨੀ ਰਾਤ ਵਿਚ ਖਲੋਤੀ ਸੁੰਦਰ ਗੁਬਿੰਦ ਲਾਲ ਦੀ ਮੂਰਤੀ ਖੜੀ ਕਰ ਦਿਤੀ, ਰਾਣੀ ਦੇਖਣ ਲਗੀ-ਦੇਖਦੇ ਦੇਖਦੇ ਉਹ ਰੋ ਪਈ ਅਤੇ ਉਸ ਸਾਰੀ ਰਾਤ ਉਹ ਬਿਲਕੁਲ ਨਹੀਂ ਸੁਤੀ।


੩੯