ਗੁਬਿੰਦ ਲਾਲ-ਤੈਨੂੰ ਵਿਸ਼ਵਾਸ ਨਹੀਂ ਹੁੰਦਾ? ਸਾਰੈ ਤੇ ਕਹਿ ਰਹੇ ਹਨ।
ਰਜਨੀ-ਫਿਰ ਤੁਸੀਂ ਹੀ ਦਸੋ, ਤੁਹਾਨੂੰ ਵਿਸ਼ਵਾਸ ਕਿਉਂ ਨਹੀਂ ਹੁੰਦਾ?
ਗੁਬਿੰਦ ਲਾਲ-ਇਹ ਪਿਛੋਂ ਦਸਾਂਗਾ। ਪਹਿਲੇ ਤੂੰ ਦਸ।
ਰਜਨੀ-ਉਂ ਹੂੰ! ਪਹਿਲੇ ਤੁਸੀਂ ਦਸੋ।
ਗੁਬਿੰਦ ਲਾਲ ਹਸ ਕੇ ਬੋਲਿਆ-ਪਹਿਲੇ ਤੂੰ ਕਹੋ।
ਰਜਨੀ-ਪਹਿਲੇ ਮੈਂ ਕਹਾਂ?
ਗੁਬਿੰਦ ਲਾਲ-ਮੇਰਾ ਸੁਣਨ ਨੂੰ ਜੀ ਕਰਦਾ ਹੈ।
ਰਜਨੀ-ਸਚ ਆਖਾਂ?
ਗੁਬਿੰਦ ਲਾਲ-ਹਾਂ, ਸਚੋ ਸਚ ਕਹੋ।
ਰਜਨੀ ‘ਕਹਿੰਦੀ ਹਾਂ' 'ਕਹਿੰਦੀ ਹਾਂ' ਕਰਦੀ ਰਹੀ ਪਰ ਕਹਿ ਕੁਛ ਨ ਸਕੀ, ਸ਼ਰਮ ਨਾਲ ਸਿਰ ਨੀਵਾਂ ਕਰਕੇ ਬੈਠੀ ਰਹੀ।
ਗੁਬਿੰਦ ਲਾਲ ਸਮਝ ਗਿਆ। ਸਮਝ ਤੇ ਪਹਿਲੇ ਹੀ ਗਿਆ ਸੀ, ਫਿਰ ਵੀ ਪੁਛ ਰਿਹਾ ਸੀ। ਰਜਨੀ ਨੂੰ ਪਕਾ ਵਿਸ਼ਵਾਸ ਸੀ ਕਿ ਰਾਣੀ ਨਿਰ ਅਪਰਾਧ ਹੈ। ਪਰ ਇਸ ਦਾ ਵਿਸ਼ਵਾਸ ਦਾ ਹੋਰ ਕੋਈ ਕਾਰਣ ਨਹੀਂ ਸੀ, ਕੇਵਲ ਗੁਬਿੰਦ ਲਾਲ ਨੇ ਕਿਹਾ ਸੀ, ਜੋ ਰਾਣੀ ਨਿਰਦੋਸ਼ ਹੈ। ਗੁਬਿੰਦ ਲਾਲ ਸਮਝ ਗਿਆ। ਉਹ ਰਜਨੀ ਨੂੰ ਪਛਾਨਦਾ ਸੀ। ਏਸੇ ਲਈ ਉਹ ਸਾਂਵਲੀ ਰਜਨੀ ਨੂੰ ਪਿਆਰ ਕਰਦਾ ਸੀ।
ਗੁਬਿੰਦ ਲਾਲ-ਮੈਂ ਜਾਨਦਾ ਹਾਂ ਕਿਉਂ ਤੂੰ ਰਾਣੀ ਦੀ ਹਮੈਤ ਕਰਦੀ ਹੈਂਂ।
ਰਜਨੀ-ਕਿਉਂ?
ਗੁਬਿੰਦ ਲਾਲ-ਏਸੇ ਲਈ ਜੋ ਤੈਨੂੰ ਕਾਲੀ ਨਾ ਕਹਿ ਕੇ ਸਾਂਵਲੀ ਕਿਹਾ ਕਰਦੀ ਹੈ।
ਰਜਨੀ (ਚਿੜ ਕੇ)-ਚਲੋ ਹਟੋ ਵੀ ਹੁਣ।