( ੧੧੬)
ਨਾ ਸੌਣ ਵਾਲੇ ਕਮਰੇ ਵਿਚ ਨਾ ਰਸੋਈ ਵਿਚ ਅਤੇ ਨਾ ਦਲਾਨ ਵਿਚ ਹੀ ਨਜ਼ਰ ਆਈ। ਲਭਦਿਆਂ ਲਭਦਿਆਂ ਗੁਰਬਖਸ਼ ਕੌਰ ਨੇ ਉਸ ਨੂੰ ਇਕ ਬਾਰੀ ਵਿਚ ਸਿਰ ਨਵਾਈਂ ਬੈਠਿਆਂ ਦੇਖਿਆ ਪ੍ਰੀਤਮ ਕੌਰ ਨੇ ਪੈਰਾਂ ਦਾ ਖੜਾਕ ਸੁਣ ਕੇ ਸਿਰ ਚੁਕਿਆ ਉਸ ਦਾ ਰੰਗ ਪੀਲਾਵਸਾਰ ਹੋਇਆ ਹੋਇਆ ਸੀ ਤੇ ਅੱਖੀ ਅੰਦਰ ਵੜੀਆਂ ਹੋਈਆਂ ਸਨ ਅਰ ਓਸ ਦੀ ਦਸ਼ਾ ਬਹੁਤ ਭੈੜੀ ਹੋਈ ਹੋਈ ਸੀ। ਗੁਰਬਖਸ਼ ਕੌਰ ਨੇ ਇਹਨਾਂ ਨਿਸ਼ਾਨੀਆਂ ਤੋਂ ਦੇਖ ਲਿਆ ਕਿ ਵਿਆਹ ਹੋ ਚੁਕਾ ਹੈ, ਇਸ ਲਈ ਪੁਛਿਆ ਕਿ ਕਦੋਂ ਹੋਇਆ?'
ਪ੍ਰੀਤਮ ਕੌਰ ਨੇ ਇਕ ਠੰਡਾ ਹੋਕਾ ਭਰ ਕੇ ਕਿਹਾ 'ਕਲ੍ਹ' ਗੁਰਬਖਸ਼ ਕੌਰ ਬੈਠ ਗਈ ਅਤੇ ਦੋਵੇਂ ਜਣੀਆਂ ਰਲ ਕੇ ਅੱਥਰੂ ਵਗਾਉਣ ਲਗੀਆਂ।
ਏਧਰ ਤਾਂ ਇਹ ਹਾਲ ਸੀ ਤੇ ਓਧਰ ਸੁੰਦਰ ਸਿੰਘ ਆਪਣੀ ਬੈਠਕ ਵਿਚ ਬੈਠਾ ਆਪਣੇ ਦਿਲ ਨੂੰ ਕਹਿ ਰਿਹਾ ਸੀ 'ਸੁਰੱਸਤੀ ਪਿਆਰੀ ਸੁਰੱਸਤੀ! ਆਹਾ! ਮੇਰੀ ਜਾਨ ਸੁਰੱਸਤੀ ਹੁਣ ਮੇਰੀ ਇਸਤਰੀ ਹੈ ਉਹਨੂੰ ਹੁਣ ਕੌਣ ਮੇਰੇ ਨਾਲੋਂ ਵਖ ਕਰ ਸਕਦਾ ਹੈ? ਏਨੇ ਚਿਰ ਨੂੰ ਗੁਰਦਿਤ ਸਿੰਘ ਪਹੁੰਚ ਗਿਆ ਪਰ ਸੁੰਦਰ ਸਿੰਘ ਕੁਝ ਨਾ ਬੋਲਿਆ ਅਤੇ ਪ੍ਰੇਮ ਤੇ ਖੁਸ਼ੀ ਦੀ ਲਹਿਰ ਵਿਚ ਗਿਣਤੀਆਂ ਗਿਣਦਾ ਰਿਹਾ 'ਪ੍ਰੀਤਮ ਕੌਰ ਨੇ ਆਪ ਮੇਰਾ ਵਿਆਹ ਸੁਰੱਸਤੀ ਨਾਲ ਕਰ ਦਿਤਾ ਹੈ, ਹੁਣ ਮੇਰੀ ਖੁਸ਼ੀ ਵਿਚ ਕੌਣ ਲਕੜ ਡਾਹ ਸਕਦਾ ਹੈ?'