ਪੰਨਾ:ਵਹੁਟੀਆਂ.pdf/112

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੧੧੮)

ਪ੍ਰੀਤਮ ਕੌਰ-ਤੂੰ ਕਿਉਂ ਇਹ ਪ੍ਰਸ਼ਨ ਕਰਦੀ ਹੈਂਂ? ਮੈਂ ਕੀ ਚੀਜ਼ ਹਾਂ? ਜੇ ਮੈਂ ਆਪਣੇ ਪਤੀ ਨੂੰ ਪੱਥਰਾਂ ਨਾਲ ਠੋਕਰਾਂ ਖਾਂਦਿਆਂ ਦੇਖਦੀ ਤਾਂ ਆਪਣੇ ਆਪ ਨੂੰ ਲਾਣਤਾਂ ਪਾਉਂਦੀ ਕਿ ਕਿਉਂ ਨਾ ਮੈਂ ਆਪਣਾ ਸਰੀਰ ਪੱਥਰਾਂ ਉਤੇ ਸ਼ੁਟ ਦਿਤਾ ਤਾਂ ਜੋ ਉਹਦੇ ਪੈਰ ਪੱਥਰਾਂ ਦੀ ਥਾਂ ਮੇਰੇ ਨਾਲ ਠੋਕਰਾਂ ਖਾਂਦੇ ਅਤੇ ਉਹਦੇ ਪੈਰਾਂ ਨੂੰ ਸਟ ਨਾ ਲਗਦੀ (ਕੁਝ ਚਿਰ ਠਹਿਰ ਕੇ) ਗੁਰਬਖਸ਼ ਕੌਰ! ਕਿਸ ਦੇਸ ਵਿਚ ਕੁੜੀਆਂ ਨੂੰ ਜਮਦਿਆਂ ਹੀ ਮਾਰ ਸੁਟਦੇ ਹਨ?
ਗੁਰਬਖਸ਼ ਕੌਰ-(ਉਸ ਦਾ ਮੰਤਵ ਸਮਝ ਕੇ) ਤੁਹਾਨੂੰ ਏਸ ਨਾਲ ਕੀ ਕਿ ਕਿਸ ਦੇਸ਼ ਵਿਚ ਕੁੜੀਆਂ ਜੰਮਦਿਆਂ ਹੀ ਮਾਰੀਆਂ ਜਾਂਦੀਆਂ ਹਨ? ਹਰੇਕ ਦੀ ਕਿਸਮਤ ਵਿਚ ਜੋ ਲਿਖਿਆ ਹੈ ਉਹੋ ਹੀ ਭੁਗਤਣਾ ਪੈਂਦਾ ਹੈ!
ਪ੍ਰੀਤਮ ਕੌਰ-ਪਰ ਮੇਰੇ ਨਾਲੋਂ ਵਧਕੇ ਕੌਣ ਭਾਗਾਂ ਵਾਲੀ ਸੀ? ਮੇਰੇ ਨਾਲੋਂ ਵਧ ਕੌਣ ਖੁਸ਼ ਕਿਸਮਤ ਸੀ? ਹੱਛਾ। ਕਿਸ ਦਾ ਪਤੀ ਮੇਰੇ ਪਤੀ ਨਾਲੋਂ ਚੰਗਾ ਸੀ ਸੁੰਦਰਤਾ ਅਤੇ ਧਨ ਦੌਲਤ ਨੂੰ ਇਕ ਪਾਸੇ ਰਖ ਕੇ ਸਦਾਚਾਰ ਨੇਕੀਆਂ ਅਤੇ ਸਿਫਤਾਂ ਵਿਚ ਕੌਣ ਉਸ ਦੇ ਵਰਗਾ ਸੀ? ਮੇਰੀ ਕਿਸਮਤ ਬੜੀ ਚੰਗੀ ਸੀ ਪਰ ਹੁਣ ਕਿਸ ਤਰ੍ਹਾਂ ਉਲਟ ਗਈ?
ਗੁਰਬਖਸ਼ ਕੌਰ-ਇਹ ਵੀ ਕਿਸਮਤ ਹੀ ਹੈ।
ਪ੍ਰੀਤਮ ਕੌਰ-ਫੇਰ ਮੈਂ ਕਿਉਂ ਦੁਖ ਭੋਖ ਰਹੀ ਹਾਂ?
ਗੁਰਬਖਸ਼ ਕੌਰ-ਤੁਸੀਂ ਹੁਣੇ ਕਹਿੰਦੇ ਸਉ ਕਿ ਪਤੀ ਦੀ ਪ੍ਸੰਨ ਮੁਖੜਾ ਵੇਖ ਕੇ ਤੁਸੀਂ ਖੁਸ਼ ਹੁੰਦੇ ਹੋ ਹੁਣ ਤੁਸੀਂ ਦੁਖ ਸਹਿਣ ਦਾ ਜ਼ਿਕਰ ਕਰਦੇ ਹੋ ਕੀ ਦੋਵੇਂ ਗੱਲਾਂ ਠੀਕ ਹਨ?