ਪੰਨਾ:ਵਹੁਟੀਆਂ.pdf/138

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
(੧੪੪)

ਗੁਰਦੇਈ-(ਘਿਰਣਾ ਨਾਲ) ਤੁਸੀਂ ਉਸ ਨੂੰ ਕਿਸ ਤਰ੍ਹਾਂ ਦੇਖ ਸਕੋਗੇ?
ਅਰਜਨ ਸਿੰਘ-ਤਹਾਡੀ ਕ੍ਰਿਪਾ ਤੇ ਯਤਨ ਨਾਲ।
ਗੁਰਦੇਈ ਦੇ ਦਿਲ ਉਤੇ ਸੱਪ ਲੇਟ ਗਿਆ ਉਸ ਨੇ ਬੜੀ ਕਠਨਤਾ ਨਾਲ ਆਪਣੇ ਆਪ ਨੂੰ ਸੰਭਾਲਿਆ ਅਤੇ ਬੋਲੀ 'ਅੱਛਾ ਤਾਂ ਤੁਸੀਂ ਇਥੇ ਬੈਠੋ ਮੈਂ ਉਸ ਨੂੰ ਇਥੇ ਸਦ ਲਿਆਉਂਦੀ ਰਾਂ' ਇਹ ਕਹਿ ਕੇ ਉਹ ਤੁਰ ਪਈ ਅਤੇ ਥੋੜੀ ਦੂਰ ਜਾ ਕੇ ਬ੍ਰਿਛਾਂ ਦੇ ਹੇਠਾਂ ਖਲੋਕੇ ਠੰਡੇ ਹਾਹੁਕੇ ਭਰਨ ਲਗੀ ਫੇਰ ਮਹਿਲ ਦੇ ਅੰਦਰ ਗਈ ਪਰ ਸੁਰੱਸਤੀ ਦੇ ਕਮਰੇ ਵਲ ਜਾਣ ਦੀ ਥਾਂ ਪਹਿਰੇਦਾਰਾਂ ਦੇ ਕਮਰੇ ਵਲ ਚਲੀ ਗਈ ਤੇ ਕਹਿਣ ਲਗੀ 'ਛੇਤੀ ਚਲੋ ਬਾਗ਼ ਦੇ ਅੰਦਰ ਇਕ ਚੋਰ ਆ ਵੜਿਆ ਹੈ।'
ਕੁਲ ਪਹਿਰੇਦਾਰ ਲਾਠੀਆਂ ਲੈ ਕੇ ਬਾਗ਼ ਵਲ ਦੌੜੇ ਅਰਜਨ ਸਿੰਘ ਇਹਨਾਂ ਨੂੰ ਦੇਖ ਕੇ ਬਾਗ਼ ਦੀ ਕੰਧ ਟੱਪ ਕੇ ਨੱਸ ਗਿਆ। ਦੋ ਤਿੰਨ ਆਦਮੀਆਂ ਨੇ ਓਸ ਦਾ ਪਿਛਾ ਕੀਤਾ ਅਤੇ ਇਕ ਦੋ ਲਾਠੀਆਂ ਵੀ ਲਾਈਆਂ ਪਰ ਫੇਰ ਵੀ ਨੱਸ ਹੀ ਗਿਆ।

ਘਰ ਪਹੁੰਚ ਕੇ ਅਰਜਨ ਸਿੰਘ ਨੇ ਦੋ ਪ੍ਰਣ ਕੀਤੇ ਇਕ ਤਾਂ ਇਹ ਕਿ ਜਦ ਤਕ ਗੁਰਦੇਈ ਓਥੇ ਹੈ ਤਦ ਤਕ ਸੁਰੱਸਤੀ ਦੇ ਘਰ ਵੱਲ ਨਾ ਜਾਏ ਅਤੇ ਦੂਜਾ ਇਹ ਕਿ ਗੁਰਦੇਈ ਪਾਸੋਂ ਇਸ ਸ਼ਰਾਰਤ ਦਾ ਬਦਲਾ ਲਵੇ ਅਤੇ ਸਚ ਮੁਚ ਉਸ ਨੇ ਗੁਰਦੇਈ ਪਾਸੋਂ ਬਦਲਾ ਲਿਆ ਅਤੇ ਗੁਰਦੇਈ ਨੂੰ ਆਪਣੀਆਂ ਭੈੈੜੀਆਂ ਖਾਹਸ਼ਾਂ ਦੀ ਅਜਿਹੀ ਸਖ਼ਤ ਸਜ਼ਾ ਮਿਲੀ ਕਿ ਅਰਜਨ ਸਿੰਘ ਵਰਗੇ ਆਦਮੀ ਦਾ ਪੱਥਰ ਚਿਤ ਵੀ ਉਸ ਨੂੰ ਵੇਖਕੇ ਪੰਘਰ ਗਿਆ। ਇਹਦਾ ਹਾਲ ਅਗੇ ਪ੍ਰਗਟ ਹੋਵੇਗਾ।