(੧੮੩)
ਅਤੇ ਮਧਮ ਮਧਮ ਚਾਨਣ ਬੂਹੇ ਥਾਣੀ ਅੰਦਰ ਆ ਰਿਹਾ ਸੀ। ਸੁੰਦਰ ਸਿੰਘ ਉਠ ਖਲੋਤਾ ਅਤੇ ਉਹ ਤੀਵੀਂ ਵੀ ਉਠਕੇ ਬੂਹੇ ਵਲ ਨੂੰ ਤੁਰ ਪਈ ਸੁੰਦਰ ਸਿੰਘ ਨੇ ਏਨਾ ਤਾਂ ਅਨੁਭਵ ਕਰ ਲਿਆ ਕਿ ਉਹ ਤੀਵੀਂ ਸੁਰੱਸਤੀ ਨਹੀਂ ਪਰ ਹਨੇਰੇ ਕਰਕੇ ਠੀਕ ਪਛਾਣ ਨਾ ਸਕਿਆ ਕਿ ਓਹ ਕੌਣ ਹੈ? ਇਸ ਲਈ ਉਸ ਨੇ ਘਬਰਾਹਟ ਨਾਲ ਪੁਛਿਆ 'ਤੂੰ ਕੌਣ ਹੈਂਂ? ਦੇਵੀ ਹੈ ਜਾਂ ਤੀਵੀਂ? ਮੈਂ ਤੇਰੇ ਪੈਰਾਂ ਤੇ ਸਿਰ ਰੱਖਦਾ ਹਾਂ ਬੋਲ ਨਹੀਂ ਤਾਂ ਮੈਂ ਮਰ ਜਾਵਾਂਗਾ।' ਤੀਵੀਂ ਨੇ ਕੁਝ ਉਤਰ ਨਾ ਦਿਤਾ ਪਰ ਸੁੰਦਰ ਸਿੰਘ ਦੀ ਸਮਝ ਨਾ ਆਇਆ ਅਤੇ ਉਹ ਟੱਪ ਕੇ ਓਸ ਬੁਤ ਦੇ ਪੈਰਾਂ ਤੇ ਜਾ ਪਿਆ। ਤੀਵੀਂ ਨੇ ਉਸ ਦਾ ਸਿਰ ਫੇਰ ਆਪਣੇ ਪੱਟਾਂ ਵਿਚ ਰਖ ਲਿਆ ਅਤੇ ਚੁਪ ਚਾਪ ਬੈਠੀ ਰਹੀ ਜਦ ਸੁੰਦਰ ਸਿੰਘ ਨੂੰ ਹੋਸ਼ ਆਈ ਤਾਂ ਸਵੇਰ ਹੋ ਗਈ ਸੀ ਤੇ ਚਿੜੀਆਂ ਅਤੇ ਹੋਰ ਜਾਨਵਰ ਬੋਲ ਰਹੇ ਸਨ। ਸੁੰਦਰ ਸਿੰਘ ਨੇ ਅੱਖਾਂ ਉਚੀਆਂ ਕੀਤੇ ਬਿਨਾਂ ਹੀ ਕਿਹਾ ਸੁਰੱਸਤੀ! ਤੂੰ ਕਦੋਂ ਆਈ? ਅਜ ਸਾਰੀ ਰਾਤ ਮੈਂ ਸੁਪਨੇ ਵਿਚ ਪ੍ਰੀਤਮ ਕੌਰ ਨੂੰ ਹੀ ਦੇਖਦਾ ਰਿਹਾ। ਮੈਨੂੰ ਸੁਪਨੇ ਵਿਚ ਪ੍ਰਤੀਤ ਹੋਇਆ ਕਿ ਮੈਂ ਪ੍ਰੀਤਮ ਕੌਰ ਦੀ ਝੋਲੀ ਵਿਚ ਸਿਰ ਰੱਖੀ ਲੇਟਿਆ ਹੋਇਆ ਹਾਂ ਜੇ ਤੂੰ ਪ੍ਰੀਤਮ ਕੌਰ ਹੁੰਦੀਓਂਂ ਤਾਂ ਮੈਂ ਕਿੰਨਾ ਪ੍ਰਸੰਨ ਹੁੰਦਾ?'
ਤੀਵੀਂ-ਜੇ ਤੁਸੀਂ ਉਸ ਅਭਾਗੀ ਨੂੰ ਦੇਖਣੇ ਦੇ ਚਾਹਵਾਨ ਹੋ ਤਾਂ ਵੇਖੋ ਮੈਂ ਓਹੋ ਹੀ ਹਾਂ।
ਸੁੰਦਰ ਸਿੰਘ-(ਛੇਤੀ ਨਾਲ ਉਠਕੇ ਅਤੇ ਅੱਖਾਂ ਮਲ ਕੇ) ਹਾਇ! ਕੀ ਮੈਂ ਸੁਦਾਈ ਹੋ ਗਿਆ ਹਾਂ? ਕੀ ਮੇਰੀ ਮਤ ਟਿਕਾਣੇ ਹੈ? ਇਹ ਸਵਰਗ ਲੋਕ ਹੈ ਕਿ ਮਾਤ ਲੋਕ? ਕੀ ਮੇਰੀ ਕਿਸਮਤ ਵਿਚ ਪਾਗਲ ਹੋਣਾ ਵੀ ਲਿਖਿਆ ਹੋਇਆ ਸੀ?