ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੬੪)

ਰੱਖਦੀ ਸੀ, ਉਹ ਸੁੰਦਰ ਵੀ ਸੀ, ਰੰਗ ਕਣਕ ਭਿੰਨਾ ਸੀ ਅੱਖਾਂ ਨਰਗਸ ਵਰਗੀਆਂ ਅਤੇ ਕਦ ਮਧਰਾ ਸੀ।

ਜਦੋਂ ਪ੍ਰੀਤਮ ਕੌਰ ਨੇ ਗੁਰਦੇਈ ਨੂੰ ਵਾਜ ਮਾਰੀ ਤਾਂ ਉਸ ਵੇਲੇ ਉਹ ਕੁਝ ਗਾ ਰਹੀ ਸੀ, ਗੁਰਦੇਈ ਨੌਕਰਾਂ ਨੂੰ ਆਪੋ ਵਿਚ ਲੜਾ ਕੇ ਉਹਨਾਂ ਦੇ ਤਮਾਸ਼ੇ ਦੇਖਦੀ, ਹਨੇਰੇ ਵਿੱਚ ਅਜੀਬ ਤਰ੍ਹਾਂ ਦੀਆਂ ਵਾਜਾਂ ਕੱਢਕੇ ਦਾਈਆਂ ਨੂੰ ਡਰਾਉਂਦੀ ਅਤੇ ਕੁਆਰੀਆਂ ਕੁੜੀਆਂ ਨੂੰ ਸਖਾਉਂਦੀ ਕਿ ਉਹ ਆਪਣੇ ਮਾਂ ਪਿਓ ਨੂੰ ਓਹਨਾਂ ਦਾ ਵਿਆਹ ਛੇਤੀ ਕਰਨ ਲਈ ਤੰਗ ਕਰਨ, ਜੇ ਉਹ ਕਿਸੇ ਦਾਸ ਜਾਂ ਦਾਸੀ ਨੂੰ ਸੁਤੇ ਪਿਆਂ ਵੇਖਦੀ ਤਾਂ ਉਸ ਦੇ ਮੂੰਹ ਉਤੇ ਚੂਨਾ ਅਤੇ ਸ਼ਾਹੀ ਮਲ ਦੇਂਦੀ। ਗੱਲ ਕੀ ਗੁਰਦੇਈ ਬੜੀ ਚਲਾਕ ਅਤੇ ਨੱਟ ਖੱਟ ਸੀ। ਉਹਦੇ ਵਿਚ ਕਈ ਨੁਕਸ ਸਨ ਇਥੋਂ ਤਕ ਕਿ ਜੇ ਕਦੀ ਉਹ ਆਪਣੀ ਮਾਲਕਣ ਦਾ ਅਤਰ ਜਾਂ ਗੁਲਾਬ ਵੀ ਪਿਆ ਵੇਖਦੀ ਤਾਂ ਝੱਟ ਚੁਰਾ ਲੈਂਦੀ।

ਜਦ ਗੁਰਦੇਈ ਪ੍ਰੀਤਮ ਕੌਰ ਦੇ ਪਾਸ ਪਹੁੰਚੀ ਤਾਂ ਉਸ ਨੇ ਪੁਛਿਆ “ਗੁਰਦੇਈ! ਤੂੰ ਜਾਣਦੀ ਹੈਂਂ ਕਿ ਇਹ ਵੈਸ਼ਨੋ ਕੌਣ ਹੈ?
ਗੁਰਦੇਈ-ਨਹੀਂ ਮੈਂ ਕਦੀ ਘਰੋਂ ਬਾਹਰ ਨਹੀਂ ਨਿਕਲੀ, ਮੈਂ ਇਹਨੂੰ ਕਿਸ ਤਰ੍ਹਾਂ ਜਾਣ ਸਕਦੀ ਹਾਂ, ਲੰਗਰ ਖਾਨੇ ਦੀਆਂ ਤ੍ਰੀਮਤਾਂ ਨੂੰ ਪੁਛੋ, ਉਹ ਸ਼ਾਇਦ ਜਾਣਦੀਆਂ ਹੋਣ।
ਪ੍ਰੀਤਮ ਕੌਰ-ਨਹੀਂ, ਓਹਨਾਂ ਨੂੰ ਵੀ ਇਹਦਾ ਕੁਝ ਪਤਾ ਨਹੀਂ ਹੋਣਾ, ਮੈਂ ਇਹ ਮਲੂਮ ਕਰਨਾ ਚਹੁੰਦੀ ਹਾਂ ਕਿ ਇਹ ਵੈਸ਼ਨੋ ਕੌਣ ਹੈ ਅਤੇ ਸੁਰੱਸਤੀ ਇਹਦੇ ਨਾਲ ਕਿਉਂ ਏਨੀਆਂ ਗੱਲਾਂ ਕਰਦੀ ਹੈ? ਜੇ ਕਿਸੇ ਤਰ੍ਹਾਂ ਤੂੰ ਇਹਦਾ ਪਤਾ ਕਢ ਸਕੇਂ ਤਾਂ ਤੈਨੂੰ ਇਕ ਨਵੀਂ ਬਨਾਰਸੀ ਧੋਤੀ ਇਨਾਮ ਦਿਆਂਗੀ।