ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੮੨)

ਅੰਦਰੋਂ ਇਕ ਇਸਤ੍ਰੀ ਨੇ ਬੂਹਾ ਖੋਲ੍ਹਿਆ ਅਤੇ ਇਕ ਔਰਤ ਨੂੰ ਬੈਠੀ ਦੇਖ ਕੇ ਪੁਛਿਆ ਤੂੰ 'ਕੌਣ ਹੈਂ? ਸੁਰੱਸਤੀ ਨੇ ਕਿਹਾ 'ਮੈਂ ਮੀਹ ਹਨੇਰੀ ਪਾਸੋਂ ਬਚਣ ਲਈ ਕੁਝ ਚਿਰ ਵਾਸਤੇ ਇਥੇ ਬੈਠ ਗਈ ਹਾਂ।' ਘਰ ਵਾਲੀ ਨੇ ਹੈਰਾਨੀ ਨਾਲ ਫੇਰ ਪੁਛਿਆ 'ਹੈਂਂ ਕੀ?' ਸੁਰੱਸਤੀ ਨੇ ਫੇਰ ਉਹੋ ਉਤਰ ਦਿਤਾ, ਘਰ ਵਾਲੀ ਨੇ ਉਹਦੀ ਅਵਾਜ਼ ਪਛਾਣ ਲਈ ਅਤੇ ਅੰਦਰ ਸਦ ਲਿਆ ਛੇਤੀ ਛੇਤੀ ਅਗ ਬਾਲ ਕੇ ਸੁਰੱਸਤੀ ਨੂੰ ਸੁਕਾਇਆ। ਸੁਰੱਸਤੀ ਨੇ ਚਾਨਣ ਵਿਚ ਦੇਖਿਆ ਕਿ ਉਸ ਦੇ ਸਾਹਮਣੇ ਗੁਰਦੇਈ ਖੜੀ ਹੈ। ਗੁਰਦੇਈ ਨੇ ਤਸੱਲੀ ਦਿੱਤੀ ਤੇ ਕਿਹਾ 'ਮੈਂ ਸਮਝਦੀ ਹਾਂ ਕਿ ਤੂੰ ਪ੍ਰੀਤਮ ਕੌਰ ਦੀ ਝਿੜਕ ਦੇ ਕਾਰਨ ਨੱਸ ਆਈ ਹੈਂ, ਡਰ ਨਾ ਮੈਂ ਕਿਸੇ ਨੂੰ ਨਹੀਂ ਦਸਾਂਗੀ, ਇਕ ਦੋ ਦਿਨ ਮੇਰੇ ਪਾਸ ਰਹੁ।' ਗੁਰਦੇਈ ਦੇ ਘਰ ਦੇ ਆਲੇ ਦੁਆਲੇ ਕੁਝ ਬਿਰਛ ਵੀ ਲੱਗੇ ਹੋਏ ਸਨ ਗੁਰਦੇਈ ਦੇ ਘਰ ਦੀਆਂ ਦੋ ਕੋਠੜੀਆ ਸਨ ਇਕ ਵਿਚ ਉਹਦੀ ਦਾਦੀ ਸੌਂਦੀ ਸੀ ਤੇ ਦੂਜੀ ਵਿਚ ਗੁਰਦੇਈ। ਉਸ ਨੇ ਸੁਰੱਸਤੀ ਨੂੰ ਆਪਣੇ ਪਾਸ ਹੀ ਬਿਸਤਰਾ ਕਰ ਦਿਤਾ। ਸੁਰੱਸਤੀ ਓਸ ਉਤੇ ਲੰਮੀ ਪੈ ਗਈ ਪਰ ਉਸ ਨੂੰ ਨੀਂਦਰ ਨਾ ਆਈ ਸਵੇਰੇ ਗੁਰਦੇਈ ਨੇ ਸੁਰੱਸਤੀ ਨੂੰ ਅੰਦਰੇ ਹੀ ਰਖ ਕੇ ਬਾਹਰੋਂ ਜੰਦਰਾ ਮਾਰ ਦਿਤਾ। ਸੁਰੱਸਤੀ ਆਪ ਵੀ ਏਹੋ ਚਾਹੁੰਦੀ ਸੀ ਕਿ ਉਸ ਨੂੰ ਕੋਈ ਦੇਖ ਨਾ ਲਵੇ ਇਸ ਲਈ ਓਸ ਨੇ ਇਸ ਕੈਦ ਵਿਚ ਹੀ ਰਹਿਣਾ ਪਸੰਦ ਕੀਤਾ। ਰਾਤ ਪਈ ਤਾਂ ਗੁਰਦੇਈ ਨੇ ਆ ਕੇ ਉਸ ਨੂੰ ਰੋਟੀ ਪਾਣੀ ਦਿਤਾ।
ਗੁਰਦੇਈ ਨੂੰ ਅੰਦਰੋਂ ਬੂਹਾ ਮਾਰ ਕੇ ਬੈਠੀ ਨੂੰ ਅਜੇ ਕੁਝ ਪਲ ਹੀ ਹੋਏ ਸਨ ਕਿ ਬਾਹਰੋਂ ਕੰਡਾ ਖੜਕਿਆ।