( ੯੧)
ਹਾਂ ਜਾਂ ਨਹੀਂ ਜੇ ਅਜਿਹਾ ਹੋ ਗਿਆ ਤਾਂ ਸਰਦਾਰ ਸੁਰੱਸਤੀ ਨੂੰ ਖੁਲ੍ਹੇ ਤੌਰ ਤੇ ਪ੍ਰੇਮ ਕਰੇਗਾ। ਅਜੇ ਸੁਰੱਸਤੀ ਸਿਧੀ ਸਾਦੀ ਹੈ ਪਰ ਜੇ ਮੈਂ ਹੁਣ ਤੋਂ ਉਸ ਨੂੰ ਚਲਾਕ ਬਨਾਉਣ ਦਾ ਯਤਨ ਕਰਾਂਗੀ ਅਤੇ ਉਸ ਨੂੰ ਆਪਣੇ ਵਸ ਵਿਚ ਕਰ ਲਵਾਂਗੀ। ਜੇ ਮੈਂ ਅਜਿਹਾ ਕਰ ਸਕਾਂ ਤਾਂ ਮੇਰੇ ਵਰਗੀ ਦੁਨੀਆਂ ਭਰ ਵਿਚ ਕੋਈ ਨਹੀਂ ਮੈਂ ਜੋ ਚਾਹਾਂ ਉਸਦੇ ਪਾਸੋਂ ਕਰਾ ਸਕਿਆ ਕਰਾਂਗੀ। ਜੇ ਸਰਦਾਰ ਸੁਰੱਸਤੀ ਉਤੇ ਮੋਹਿਤ ਹੈ ਤਾਂ ਜੋ ਉਹ ਕਹੇਗੀ ਸੁ ਮੰਨੇਗਾ। ਇਸ ਤਰ੍ਹਾਂ ਮੈਨੂੰ ਬਹੁਤ ਸਾਰਾ ਲਾਭ ਪਹੁੰਚੇਗਾ। ਜੇ ਮੈਂ ਕਦੀ ਦਾਸੀ ਪੁਣੇ ਤੋਂ ਮੁਕਤੀ ਚਾਹਾਂ ਤਾਂ ਕੇਵਲ ਇਸੇ ਤਰ੍ਹਾਂ ਮਿਲ ਸਕਦੀ ਹੈ, ਮੈਂ ਸੁਰੱਸਤੀ ਨੂੰ ਸਰਦਾਰ ਦੇ ਹਵਾਲੇ ਕਰ ਦਿਆਂਗੀ ਪਰ ਛੇਤੀ ਨਾਲ ਨਹੀਂ ਕੁਝ ਦਿਨ ਉਸ ਨੂੰ ਆਪਣੇ ਪਾਸ ਰਖਾਂਗੀ ਅਤੇ ਦੇਖਾਂਗੀ ਕਿ ਕੀ ਹੁੰਦਾ ਹੈ? ਲੋਕ ਕਹਿੰਦੇ ਹਨ ਕਿ ਵਿਛੋੜੇ ਨਾਲ ਪਿਆਰ ਵਧਦਾ ਹੈ। ਜੇ ਮੈਂ ਇਹਨਾਂ ਨੂੰ ਵਖਰਿਆਂ ਕਰੀ ਰੱਖਾਂ ਤਾਂ ਸਰਦਾਰ ਦਾ ਪਰੇਮ ਪੱਕਾ ਹੋ ਜਾਵੇਗਾ ਓਸ ਵੇਲੇ ਮੈਂ ਸੁਰੱਸਤੀ ਨੂੰ ਓਸ ਦੇ ਹਵਾਲੇ ਕਰ ਦਿਆਂਗੀ। ਇਹ ਕੁਝ ਕਰਨ ਪੁਰ ਵੀ ਜੇ ਪ੍ਰੀਤਮ ਕੌਰ ਦਾ ਪਾਸਾ ਪੁਠਾ ਨਾ ਪਿਆ ਤਾਂ ਮੈਂ ਓਹਦੀ ਕਿਸਮਤ ਨੂੰ ਬੜੀ ਜ਼ੋਰ ਵਾਲੀ ਸਮਝਾਂਗੀ। ਇਸ ਸਮੇਂ ਵਿਚ ਸੁਰੱਸਤੀ ਨੂੰ ਮੈਂ ਆਪਣੇ ਢਬ ਦੀ ਬਣਾ ਲਵਾਂਗੀ। ਗੁਰਦੇਈ ਨੇ ਇਹ ਇਰਾਦਾ ਪੱਕਾ ਕਰ ਲਿਆ ਅਤੇ ਸੁਰੱਸਤੀ ਨੂੰ ਅਪਣੇ ਘਰ ਲੁਕਾ ਛਡਿਆ! ਸੁਰੱਸਤੀ ਗੁਰਦੇਈ ਦਾ ਪਿਆਰ ਦੇਖਕੇ ਬੜੀ ਪ੍ਰਸੰਨ ਹੋਈ ਤੇ ਦਿਲ ਵਿਚ ਕਹਿੰਦੀ- ਗੁਰਦੇਈ ਵਰਗਾ ਦੁਨੀਆਂ ਵਿਚ ਕੋਈ ਨੇਕ ਨਹੀਂ ਗੁਰਬਖਸ਼ ਕੌਰ ਵੀ ਤਾਂ ਮੈਨੂੰ ਐਨਾ ਪਿਆਰ ਨਹੀਂ ਕਰਦੀ ਸੀ।