ਪੰਨਾ:ਵਹੁਟੀਆਂ.pdf/97

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
( ੧੦੩)

ਪੈਰ ਸੁਟੀ ਸੁੰਦਰ ਸਿੰਘ ਦੇ ਘਰ ਵਲ ਤੁਰੀ ਜਾ ਰਹੀ ਸੀ ਓਸ ਦਾ ਮਨਸ਼ਾ ਸੀ ਕਿ ਕਿਸੇ ਤਰ੍ਹਾਂ ਸੁੰਦਰ ਸਿੰਘ ਦਾ ਦੀਦਾਰ ਕਰੇ ਓਹ ਦਿਲ ਵਿਚ ਕਹਿੰਦੀ ਸੀ ਕਿ ਉਸ ਦਾ ਦੀਦਾਰ ਕਰਨ ਵਿਚ ਕੀ ਹਰਜ ਹੈ? ਓਹ ਕਈ ਦਿਨ ਗੁਰਦੇਈ ਦੇ ਘਰ ਬੰਦ ਰਹੀ ਸੀ ਅਤੇ ਸੁੰਦਰ ਸਿੰਘ ਨੂੰ ਦੇਖ ਨਹੀਂ ਸਕੀ ਸੀ ਇਸ ਲਈ ਓਹ ਪਹਿਲਾਂ ਉਸ ਕਮਰੇ ਦੇ ਪਾਸੇ ਵਲ ਗਈ ਅਤੇ ਘਰ ਦੇ ਚਹੁੰ ਪਾਸੀਂ ਫਿਰਨ ਲਗ ਪਈ। ਸੰਭਵ ਹੈ ਕਿ ਉਹ ਆਪਣੇ ਪਿਆਰੇ ਨੂੰ ਬਾਰੀ ਵਿਚ ਬਾਗ਼ ਵਿਚ ਜਾਂ ਕਿਸੇ ਹੋਰ ਥਾਂ ਦੇਖ ਸਕੇ। ਸੁੰਦਰ ਸਿੰਘ ਦੀ ਆਦਤ ਬਹੁਤ ਸਵੇਰੇ ਉਠ ਬੈਠਣ ਦੀ ਸੀ ਅਤੇ ਸੁਰੱਸਤੀ ਨੂੰ ਭਰੋਸਾ ਸੀ ਕਿ ਓਹ ਉਸ ਨੂੰ ਜ਼ਰੂਰ ਦਿਸੇਗਾ ਅਤੇ ਸੁਰੱਸਤੀ ਦਾ ਇਰਾਦਾ ਦਰਸ਼ਨ ਕਰਕੇ ਗੁਰਦੇਈ ਦੇ ਘਰ ਚਲੀ ਜਾਣ ਦਾ ਸੀ ਪਰ ਜਦ ਓਹ ਮਕਾਨ ਦੇ ਚਹੁੰ ਪਾਸੀਂ ਕਈ ਵਾਰ ਫਿਰ ਚੁਕੀ ਅਤੇ ਕੁਝ ਨਾ ਦਿਸਿਆ ਤਾਂ ਉਸ ਨੇ ਸੋਚਿਆ ਕਿ ਸ਼ਾਇਦ ਉਹ ਅਜੇ ਨਹੀਂ ਉਠਿਆ, ਚੰਗਾ ਹੋਵੇ ਕਿ ਮੈਂ ਇਥੇ ਬੈਠ ਕੇ ਉਸ ਦੇ ਜਾਗਣ ਦੀ ਉਡੀਕ ਕਰਾਂ।
ਉਹ ਚੁਪ ਚਾਪ ਬਿਰਛਾਂ ਹੇਠਾਂ ਬੈਠ ਗਈ ਬਿਰਛਾਂ ਦੇ ਪੱਤੇ ਜ਼ਮੀਨ ਉਤੇ ਡਿਗਦੇ ਸੁਣਾਈ ਦੇਂਦੇ ਸਨ ਪਹਿਰੇ ਵਾਲੇ ਦੀ ਅਵਾਜ਼ 'ਜਾਗਦੇ ਰਹਿਣਾ' ਕੰਨਾਂ ਵਿਚ ਪੈਂਦੀ ਸੀ। ਕੁਝ ਚਿਰ ਪਿਛੋਂ ਸਵੇਰੇ ਹੀ ਹਵਾ ਚਲਣੀ ਸ਼ੁਰੂ ਹੋ ਗਈ। ਪਪੀਹੇ ਨੇ ਰਾਗ ਸ਼ੁਰੂ ਕਰ ਦਿੱਤਾ ਕੋਇਲ ਨੇ ਵੀ ਆਵਾਜ਼ ਕੱਢੀ ਅਤੇ ਹੋਰ ਪੰਛੀ ਵੀ ਜਾਗਣ ਲਗ ਪਏ। ਸੁਰੱਸਤੀ ਕੁਝ ਨਰਾਸ ਹੋਣ ਲੱਗੀ ਕਿਉਂਕਿ ਉਹ ਬਹੁਤ ਚਿਰ ਉਥੇ ਬੈਠਣਾ ਨਹੀਂ ਚਾਹੁੰਦੀ ਸੀ ਉਹ ਉਠ ਕੇ ਵਾਪਸ ਜਾਣ ਨੂੰ ਤਿਆਰ ਹੀ ਸੀ